ਕੈਲਗਰੀ ''ਚ ਜਰਮਨੀ ਨਾਗਰਿਕ ਹੋਇਆ ਹਮਲੇ ਦਾ ਸ਼ਿਕਾਰ
Friday, Nov 16, 2018 - 01:28 PM (IST)

ਕੈਲਗਰੀ (ਬਿਊਰੋ)— ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਜਰਮਨ ਕੌਂਸਲੇਟ ਦਾ ਕਹਿਣਾ ਹੈ ਕਿ ਅਲਬਰਟਾ ਵਿਚ ਆਪਣਾ 60ਵਾਂ ਜਨਮਦਿਨ ਮਨਾਉਣ ਆਏ ਇਕ ਜਰਮਨੀ ਨਾਗਰਿਕ ਨੂੰ ਗੋਲੀ ਮਾਰ ਦਿੱਤੀ ਗਈ। ਕੌਂਸਲੇਟ ਮੁਤਾਬਕ ਸ਼ਖਸ ਨੂੰ ਦੇਖਭਾਲ ਦੀ ਲੋੜ ਹੈ ਅਤੇ ਸ਼ਾਇਦ ਉਹ ਦੁਬਾਰਾ ਕੰਮ ਨਹੀਂ ਕਰ ਸਕੇਗਾ। 60 ਸਾਲਾ ਹੋਰਸਟ ਸਟੀਵਿਨ ਨੂੰ ਇਸ ਸਾਲ ਗਰਮੀ ਦੇ ਮੌਸਮ ਵਿਚ ਅਲਬਰਟਾ ਹਾਈਵੇਅ ਤੇ ਸਿਰ ਵਿਚ ਗੋਲੀ ਮਾਰੀ ਗਈ ਸੀ।
ਉਸ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆ ਕੌਂਸਲੇਟ ਹਬਰਟਸ ਲਿਬਰਚਟ ਨੇ ਦੱਸਿਆ ਕਿ ਫਿਲਹਾਲ ਉਹ ਗੱਲਬਾਤ ਨਹੀਂ ਕਰ ਸਕਦਾ ਅਤੇ ਨਾ ਹੀ ਚੱਲ ਸਕਦਾ ਹੈ। ਜਦੋਂ ਉਹ 2 ਅਗਸਤ ਨੂੰ ਬੰਨਫ ਤੋਂ ਕੈਲਗਰੀ ਤੱਕ ਆਪਣੀ ਪਤਨੀ, ਬੇਟੇ ਅਤੇ ਆਪਣੇ ਬੇਟੇ ਦੀ ਪ੍ਰੇਮਿਕਾ ਨਾਲ ਗੱਡੀ ਵਿਚ ਜਾ ਰਿਹਾ ਸੀ ਤਾਂ ਇਕ ਹੋਰ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਕੈਲਗਰੀ ਤੋਂ ਲੱਗਭਗ 55 ਕਿਲੋਮੀਟਰ ਪੱਛਮ ਵਿਚ ਮੌਰਲੀ ਰੋਡੇਓ ਗ੍ਰਾਊਂਡ ਨੇੜੇ ਸਟੀਵਿਨ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਜਰਮਨੀ ਵਾਪਸ ਲਿਜਾਇਆ ਗਿਆ ਜਿੱਥੇ ਉਸ ਦੇ ਸਿਰ ਵਿਚੋਂ ਗੋਲੀ ਕੱਢ ਦਿੱਤੀ ਗਈ।
ਸਟੀਵਿਨ 'ਤੇ ਹਮਲਾ ਕਰਨ ਵਾਲਾ ਦੋਸ਼ੀ 16 ਸਾਲਾ ਲੜਕਾ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ। ਅਦਾਲਤ ਨੇ ਉਸ ਦੀ ਰਿਹਾਈ ਦੀ ਸ਼ਰਤ ਵੱਜੋਂ ਆਪਣੀ ਦਾਦੀ ਨਾਲ ਰਹਿਣ ਦਾ ਆਦੇਸ਼ ਦਿੱਤਾ ਹੈ। ਅਲਬਰਟਾ ਦੀ ਸੂਬਾਈ ਅਦਾਲਤ ਵਿਚ ਜ਼ਮਾਨਤ ਦੀ ਸੁਣਵਾਈ ਦੌਰਾਨ ਵਿਚਾਰੇ ਗਏ ਵੇਰਵਿਆਂ ਨੂੰ ਗੁਪਤ ਰੱਖਿਆ ਗਿਆ ਹੈ। ਨਾਬਾਲਗ ਹੋਣ ਕਾਰਨ ਲੜਕੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਲੜਕੇ ਨੂੰ 14 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਵਿਚ ਹੱਤਿਆ ਦੀ ਕੋਸ਼ਿਸ਼ ਅਤੇ 8 ਬੰਦੂਕ ਨਾਲ ਸਬੰਧਤ ਅਪਰਾਧ ਸ਼ਾਮਲ ਹਨ।
ਲਿਬਰਟਚਟ ਨੇ ਅਲਬਰਟਾ ਵਿਚ ਸਟੀਵਿਨ ਦੇ ਖਰਚਿਆਂ ਦੇ ਭੁਗਤਾਨ ਅਤੇ ਘਰ ਵਾਪਸ ਜਾਣ ਲਈ ਗੋਫੰਡਮੀ ਜ਼ਰੀਏ 13,435 ਡਾਲਰ ਇਕੱਠੇ ਕੀਤੇ। ਇਹ ਰਾਸ਼ੀ ਉਨ੍ਹਾਂ ਨੇ ਸਟੀਵਿਨ ਦੇ ਪਰਿਵਾਰ ਨੂੰ ਸੌਂਪ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨ ਲੋਕਾਂ ਨੇ ਅਸਲ ਵਿਚ ਪ੍ਰਭਾਵਸ਼ਾਲੀ ਤਰੀਕੇ ਨਾਲ ਯੋਗਦਾਨ ਦਿੱਤਾ।