ਕੈਨੇਡਾ : ਪੰਜਾਬੀ ਤੇ ਹੋਰ ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, 9 ਜ਼ਖਮੀ

Tuesday, Sep 03, 2019 - 03:01 PM (IST)

ਕੈਨੇਡਾ : ਪੰਜਾਬੀ ਤੇ ਹੋਰ ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, 9 ਜ਼ਖਮੀ

ਐਬਟਸਫ਼ੋਰਡ (ਏਜੰਸੀ)- ਬਿ੍ਰਟਿਸ਼ ਕੋਲੰਬੀਆ ਦੇ ਐਬਟਸਫ਼ੋਰਡ ਵਿਖੇ ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਇਕ ਸਕੂਲੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ, ਜਿਸ ਕਾਰਨ ਇਸ ਵਿਚ ਸਵਾਰ 9 ਕਾਮੇ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕਈ ਖੇਤ ਮਜ਼ਦੂਰ ਪੰਜਾਬੀ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ ਇਹ ਹਾਦਸਾ ਐਬਟਸਫ਼ੋਰਡ ਦੇ 58 ਐਵੇਨਿਊ ਅਤੇ ਰੌਸ ਰੋਡ ਇਲਾਕੇ ਵਿਚ ਸਵੇਰੇ 8:30 ਵਜੇ ਹੋਇਆ ਜਦੋਂ ਖੇਤ ਮਜ਼ਦੂਰਾਂ ਨੂੰ ਇਕ ਸਕੂਲ ਦੀ ਬੱਸ ਵਿਚ ਬਿਠਾ ਕੇ ਕਿਸੇ ਅਣਦੱਸੇ ਫ਼ਾਰਮ ’ਤੇ ਲਿਜਾਇਆ ਜਾ ਰਿਹਾ ਸੀ।

ਪੁਲਸ ਨੇ ਦੱਸਿਆ ਕਿ ਹਾਦਸੇ ਵੇਲੇ ਬੱਸ ਵਿਚ 36 ਜਣੇ ਸਵਾਰ ਸਨ, ਜੋ ਬਾਹਰ ਆਉਣ ਵਿਚ ਸਫ਼ਲ ਰਹੇ। 9 ਜ਼ਖ਼ਮੀਆਂ ਵਿਚੋਂ ਤਿੰਨ ਨੂੰ ਹਸਪਾਤਲ ਲਿਜਾਣਾ ਪਿਆ ਜਦਕਿ ਬਾਕੀਆਂ ਦਾ ਮੌਕੇ 'ਤੇ ਪਹੁੰਚੀ ਮੈਡੀਕਲ ਟੀਮ ਵਲੋਂ ਇਲਾਜ ਕੀਤਾ ਗਿਆ। ਹਾਦਸੇ ਵਿਚ ਜ਼ਖਮੀਆਂ ਦੀ ਪਛਾਣ ਪੁਲਸ ਵਲੋਂ ਨਹੀਂ ਦਿੱਤੀ ਗਈ। ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਵਰਕ ਸੇਫ਼ ਬੀ.ਸੀ. ਤੇ ਬੀ.ਸੀ. ਕਮਰਸ਼ੀਅਲ ਵਹੀਕਲ ਸੇਫ਼ਟੀ ਐਂਡ ਐਨਫ਼ੋਰਸਮੈਂਟ (ਸੀ.ਵੀ.ਐਸ.ਈ.) ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ 2007 ਵਿਚ ਖੇਤ ਕਾਮਿਆਂ ਦੀ ਵੈਨ ਨਾਲ ਵਾਪਰੇ ਹਾਦਸੇ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਸਨ।


author

Sunny Mehra

Content Editor

Related News