ਇਸ ਦੇਸ਼ ਨੇ ਕੋਰੋਨਾ ਨੂੰ ਦਿੱਤੀ ਮਾਤ, ਆਖਰੀ ਮਰੀਜ਼ ਨੂੰ ਹਸਪਤਾਲ ''ਚੋਂ ਮਿਲੀ ਛੁੱਟੀ
Saturday, May 16, 2020 - 02:09 PM (IST)

ਫਨੋਮ ਪੇਨਹ- ਦੁਨੀਆ ਵਿਚ ਕੋਰੋਨਾ ਵਾਇਰਸ ਦਾ ਪ੍ਰਸਾਰ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਿਚਾਲੇ ਕੰਬੋਡੀਆ ਵਿਚ ਕੋਰੋਨਾ ਵਾਇਰਸ ਦਾ ਆਖਰੀ ਮਰੀਜ਼ ਵੀ ਠੀਕ ਹੋ ਗਿਆ ਹੈ। ਦੱਖਣ-ਪੂਰਬ ਏਸ਼ੀਆਈ ਦੇਸ਼ ਵਿਚ ਜਾਨਲੇਵਾ ਮਹਾਮਾਰੀ ਦਾ ਹੁਣ ਇਕ ਵੀ ਮਰੀਜ਼ ਨਹੀਂ ਬਚਿਆ ਹੈ। ਸਿਹਤ ਮੰਤਰਾਲਾ ਨੇ ਸ਼ਨੀਵਰਾ ਨੂੰ ਕਿਹਾ ਕਿ ਸਾਵਧਾਨੀ ਅਜੇ ਵੀ ਜਾਰੀ ਹੈ।
ਸਿਹਤ ਮੰਤਰਾਲਾ ਦੇ ਬਿਆਨ ਮੁਤਾਬਕ ਇਸ ਦੇ ਬਾਵਜੂਦ ਕੋਰੋਨਾ ਵਾਇਰਸ ਨਾਲ ਸਬੰਧਤ ਪਾਬੰਦੀਆਂ ਵਿਚ ਢਿੱਲ ਨਹੀਂ ਦਿੱਤੀ ਜਾਵੇਗੀ। ਸਕੂਲ ਬੰਦ ਰਹਿਣਗੇ, ਸਰਹੱਦ ਵਿਚ ਦਾਖਲ ਹੋਣ ਵਾਲਿਆਂ ਦੀ ਜਾਂਚ ਅੱਗੇ ਵੀ ਜਾਰੀ ਰਹੇਗੀ। ਕੰਬੋਡੀਆ ਵਿਚ ਕੋਰੋਨਾ ਵਾਇਰਸ ਦੇ 122 ਮਾਮਲੇ ਦਰਜ ਕੀਤੇ ਗਏ ਸਨ, ਜਦਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਮ ਵਾਇਰਸ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। ਦੁਨੀਆ ਭਰ ਵਿਚ 45 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ ਤੇ ਜਨਵਰੀ ਤੋਂ ਹੁਣ ਤੱਕ ਤਕਰੀਬਨ 3 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੰਬੋਡੀਆ ਦੇ ਉੱਤਰ-ਪੱਛਮੀ ਸੂਬੇ ਦੀ ਇਕ 36 ਸਾਲਾ ਮਹਿਲਾ ਨੂੰ ਰਾਜਧਾਨੀ ਫਲੋਮ ਪੇਨਹ ਦੇ ਹਸਪਤਾਲ ਤੋਂ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸ਼ਨੀਵਾਰ ਨੂੰ ਮੀਡੀਆ ਸਾਹਮਣੇ ਪੇਸ਼ ਹੋਈ ਮਹਿਲਾ ਨੇ ਸਿਹਤ ਅਧਿਕਾਰੀਆਂ ਦਾ ਧੰਨਵਾਦ ਕੀਤਾ। ਮੰਤਰਾਲਾ ਨੇ ਦੱਸਿਆ ਕਿ ਕੰਬੋਡੀਆ ਦਾ ਆਖਰੀ ਮਾਮਲਾ 12 ਅਪ੍ਰੈਲ ਨੂੰ ਆਇਆ ਸੀ। ਜਨਵਰੀ ਤੋਂ ਹੁਣ ਤੱਕ ਕੁੱਲ 14,684 ਪ੍ਰੀਖਣ ਕੀਤੇ ਜਾ ਚੁੱਕੇ ਹਨ। ਸਿਹਤ ਮੰਤਰੀ ਮੇਮ ਬੇਂਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਕੇ ਵੱਡੇ ਸਮੂਹਾਂ ਵਿਚ ਇਕੱਠੇ ਨਾ ਹੋਣ ਜਿਹੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਜ਼ਿਆਦਾਤਰ ਮਾਮਲੇ ਬਾਹਰੋਂ ਆਏ ਹਨ, ਇਸ ਲਈ ਸਾਨੂੰ ਸਰਹੱਦ ਤੇ ਸਾਰੀਆਂ ਚੌਕੀਆਂ, ਬੰਦਰਗਾਹਾਂ 'ਤੇ ਸਾਵਧਾਨੀ ਵਰਤਣੀ ਪਵੇਗੀ।
ਉਹਨਾਂ ਨੇ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਇਸ ਗੱਲ ਦੀ ਪੁਸ਼ਟੀ ਕਰਨੀ ਪਵੇਗੀ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਨਹੀਂ ਹਨ। ਤਦੇ ਅਸੀਂ ਉਹਨਾਂ ਨੂੰ ਆਪਣੇ ਦੇਸ਼ ਆਉਣ ਦੇਵਾਂਗੇ ਤੇ ਇਕ ਵਾਰ ਜਦੋਂ ਉਹ ਸਾਡੀ ਸਰਹੱਦ ਅੰਦਰ ਆਉਣਗੇ ਤਾਂ ਉਹਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।