ਕੈਲੀਫੋਰਨੀਆ : ਜੰਗਲੀ ਅੱਗ ਦਾ ਕਹਿਰ, ਇਕ ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਅਪੀਲ

Wednesday, Oct 28, 2020 - 09:16 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਇਸ ਸਮੇਂ ਅਮਰੀਕਾ ਦੋ ਕੁਦਰਤੀ ਆਫਤਾਂ ਕੋਰੋਨਾ ਵਾਇਰਸ ਅਤੇ ਜੰਗਲੀ ਅੱਗ ਨਾਲ ਜੂਝ ਰਿਹਾ ਹੈ। ਇਸ ਦੇ ਕੁੱਝ ਖੇਤਰਾਂ ਵਿਚ ਜੰਗਲੀ ਅੱਗ ਨੇ ਬਹੁਤ ਤਬਾਹੀ ਮਚਾ ਦਿੱਤੀ ਹੈ, ਜਿਸ ਕਰਕੇ ਲਗਭਗ ਇਕ ਲੱਖ ਲੋਕਾਂ ਨੂੰ ਉਸ ਖੇਤਰ ਵਿੱਚੋਂ ਬਾਹਰ ਜਾਣ ਦਾ ਹੁਕਮ ਦੇਣਾ ਪਿਆ ਹੈ।

ਸੋਮਵਾਰ ਸਵੇਰੇ ਸਿਲਵੇਰਾਡੋ ਖੇਤਰ ਵਿਚ ਲੱਗੀ ਅੱਗ ਬਹੁਤ ਤੇਜ਼ੀ ਨਾਲ 4000 ਏਕੜ ਵਿਚ ਫੈਲ ਗਈ। ਅੱਗ ਨੇ ਦੋ ਘੰਟਿਆਂ ਦੇ ਅੰਦਰ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸਿਲਵੇਰਾਡੋ ਘਾਟੀ ਵਿਚ ਹਜ਼ਾਰਾਂ ਘਰਾਂ ਵੱਲ ਵਧੀ। ਇਸ ਬਾਰੇ ਅੱਗ ਬੁਝਾਊ ਅਮਲੇ ਅਨੁਸਾਰ ਲਾਸ ਏਂਜਲਸ ਤੋਂ 40 ਮੀਲ ਦੱਖਣ-ਪੂਰਬ ਵਿਚ ਇਰਵਿਨ ਸ਼ਹਿਰ ਵਿਚ ਲਗਭਗ 20,000 ਘਰ ਖਾਲੀ ਕਰਵਾ ਲਏ ਗਏ ਹਨ। 

ਇਸ ਖੇਤਰ ਵਿਚ ਲੱਗੀ ਅੱਗ ਦੇ ਭੜਕਣ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਸਚਮੁੱਚ ਹੀ ਬਿਜਲੀ ਉਪਕਰਣਾਂ ਦਾ ਕਾਰਨ ਹੈ ਜਾਂ ਨਹੀਂ। ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਅਮਲੇ ਦੇ 500 ਮੈਂਬਰਾਂ ਨੇ ਯੋਗਦਾਨ ਪਾਇਆ। ਇਸ ਦੇ ਨਾਲ ਹੀ ਦੋ ਮੈਂਬਰ ਜ਼ਖ਼ਮੀਂ ਵੀ ਹੋਏ। ਸੂਬੇ ਭਰ ਵਿਚ ਬਿਜਲੀ ਵਾਲੀਆਂ ਕੰਪਨੀਆਂ ਨੇ ਸ਼ਕਤੀਸ਼ਾਲੀ ਹਵਾਵਾਂ ਅਤੇ ਖੁਸ਼ਕ ਮੌਸਮ ਵਿਚ ਜੰਗਲੀ ਅੱਗ ਦੇ ਭੜਕਣ ਕਾਰਨ ਉਪਕਰਣਾਂ ਨੂੰ ਰੋਕਣ ਲਈ ਤਕਰੀਬਨ 3 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਨਾ ਪਿਆ। ਇਸ ਸਾਲ ਸੂਬੇ ਨੇ 8,600 ਤੋਂ ਵੱਧ ਜੰਗਲੀ ਅੱਗਾਂ ਦਾ ਸਾਹਮਣਾ ਕੀਤਾ ਹੈ ਜਿਨ੍ਹਾਂ ਨੇ ਰਿਕਾਰਡ 6,400 ਵਰਗ ਮੀਲ (16,576 ਵਰਗ ਕਿਲੋਮੀਟਰ) ਤੱਕ ਖੇਤਰ ਝੁਲਸਾ ਦਿੱਤਾ ਹੈ ਅਤੇ ਲਗਭਗ 9,200 ਘਰਾਂ, ਕਾਰੋਬਾਰਾਂ ਅਤੇ ਹੋਰ ਢਾਂਚਿਆਂ ਨੂੰ ਤਬਾਹ ਵੀ ਕੀਤਾ ਹੈ ਜਦਕਿ ਅੱਗ ਨਾਲ ਇੱਥੇ 31 ਮੌਤਾਂ ਵੀ ਹੋ ਚੁੱਕੀਆਂ ਹਨ।


Lalita Mam

Content Editor

Related News