ਕੈਲੀਫੋਰਨੀਆ: 13,000 ਤੋਂ ਵਧ ਅੱਗ ਬੁਝਾਊ ਕਾਮੇ ਜੰਗਲੀ ਅੱਗਾਂ 'ਤੇ ਪਾ ਰਹੇ ਹਨ ਕਾਬੂ
Wednesday, Aug 25, 2021 - 08:11 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸਟੇਟ ਇੱਕ ਦਰਜਨ ਦੇ ਕਰੀਬ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਨ੍ਹਾਂ ਜੰਗਲੀ ਅੱਗਾਂ ਨੂੰ ਕਾਬੂ ਕਰਨ ਲਈ ਸੋਮਵਾਰ ਨੂੰ 13,500 ਤੋਂ ਵੱਧ ਫਾਇਰ ਫਾਈਟਰ ਕੰਮ ਕਰ ਰਹੇ ਸਨ। ਕੈਲੀਫੋਰਨੀਆ 'ਚ ਜੰਗਲ ਦੀਆਂ ਅੱਗਾਂ ਨੇ ਸੈਂਕੜੇ ਘਰ ਤਬਾਹ ਕਰ ਦਿੱਤੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਲਈ ਘਰਾਂ ਤੋਂ ਭੱਜਣ ਲਈ ਮਜ਼ਬੂਰ ਕੀਤਾ ਹੈ।
ਇਹ ਵੀ ਪੜ੍ਹੋ : ਪੋਲੈਂਡ ਨੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਨੂੰ ਰੋਕਿਆ
ਸੂਬੇ 'ਚ ਇਨ੍ਹਾਂ ਅੱਗਾਂ ਤੋਂ ਹੋਏ ਨੁਕਸਾਨ ਦੀ ਸਮੀਖਿਆ ਤੋਂ ਬਾਅਦ, ਗਵਰਨਰ ਗੈਵਿਨ ਨਿਊਸਮ ਨੇ ਅੱਠ ਕਾਉਂਟੀਆਂ ਲਈ ਰਾਸ਼ਟਰਪਤੀ ਕੋਲੋਂ ਇੱਕ ਵੱਡੀ ਆਫਤ ਦੀ ਘੋਸ਼ਣਾ ਕਰਨ ਦੀ ਬੇਨਤੀ ਕੀਤੀ ਹੈ। ਜੇ ਇਸ ਘੋਸ਼ਣਾ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ, ਤਾਂ ਕੇਂਦਰ ਸਰਕਾਰ ਵੱਲੋਂ ਘਰੇਲੂ ਸਹਾਇਤਾ, ਭੋਜਨ ਸਹਾਇਤਾ, ਬੇਰੁਜ਼ਗਾਰੀ ਅਤੇ ਸਰਕਾਰੀ ਐਮਰਜੈਂਸੀ ਸਮੇਤ ਕਈ ਹੋਰ ਤਰੀਕਿਆਂ ਨਾਲ ਸੂਬੇ ਦੀ ਸਹਾਇਤਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਿਊਯਾਰਕ ਦੇ ਮੇਅਰ ਨੇ ਤੂਫਾਨ ਹੈਨਰੀ ਦੇ ਕਾਰਨ ਕੀਤਾ ਐਮਰਜੈਂਸੀ ਦੀ ਸਥਿਤੀ ਦਾ ਐਲਾਨ
ਪ੍ਰਸ਼ਾਸਨ ਅਨੁਸਾਰ ਜੰਗਲੀ ਅੱਗਾਂ ਕਾਰਨ ਲਗਭਗ 43,000 ਕੈਲੀਫੋਰਨੀਆ ਵਾਸੀਆਂ ਨੂੰ ਘਰ ਛੱਡਣ ਦੇ ਆਦੇਸ਼ਾਂ ਦੇ ਇਲਾਵਾ 500 ਤੋਂ ਵੱਧ ਪਰਿਵਾਰਾਂ ਨੂੰ ਸ਼ੈਲਟਰਾਂ 'ਚ ਰੱਖਿਆ ਗਿਆ। ਮੌਸਮ ਵਿਗਿਆਨੀਆਂ ਦੇ ਅਨੁਸਾਰ ਜਲਵਾਯੂ ਤਬਦੀਲੀ ਨੇ ਪਿਛਲੇ 30 ਸਾਲਾਂ 'ਚ ਪੱਛਮੀ ਅਮਰੀਕਾ ਨੂੰ ਗਰਮ ਅਤੇ ਸੁੱਕਾ ਬਣਾ ਦਿੱਤਾ ਹੈ , ਜਿਸ ਕਾਰਨ ਜੰਗਲੀ ਅੱਗਾਂ ਤਬਾਹੀ ਮਚਾ ਰਹੀਆਂ ਹਨ। ਇਨ੍ਹਾਂ ਅੱਗਾਂ ਨੂੰ ਰੋਕਣ ਲਈ ਹਜ਼ਾਰਾਂ ਅੱਗ ਬੁਝਾਊ ਕਾਮਿਆਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਆ ਕਾਰਜ ਕੀਤੇ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।