ਯੂਬਾ ਸਿਟੀ ਨਿਵਾਸੀ ਸਰਬਜੀਤ ਸਿੰਘ ਤੱਖਰ ਦੀ ਸੜਕ ਹਾਦਸੇ ''ਚ ਮੌਤ
Thursday, Aug 22, 2019 - 10:01 AM (IST)

ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨ ਯੂਬਾ ਸਿਟੀ ਕੈਲੀਫੋਰਨੀਆ ਦੇ ਨਿਵਾਸੀ 66 ਸਾਲਾ ਸਰਬਜੀਤ ਸਿੰਘ ਤੱਖਰ ਨਾਮੀਂ ਵਿਅਕਤੀ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਤੱਖਰ ਓਰੇਗਨ ਸੂਬੇ ਦੇ ਮੈਡਰਸ ਅਤੇ ਟੈਰੇਬੋਨ ਸ਼ਹਿਰ ਦੇ ਵਿਚਕਾਰ ਹਾਈਵੇਅ-97 ਉਪਰ ਆਪਣਾ ਟਰੱਕ ਲੈ ਕੇ ਜਾ ਰਹੇ ਸਨ ਕਿ ਅਚਾਨਕ ਉਹ ਆਪਣਾ ਟਰੱਕ ਖੜ੍ਹਾ ਕਰਕੇ ਹਾਈਵੇਅ ਦੇ ਦੂਜੇ ਪਾਸੇ ਜਾਣ ਲਈ ਕਿਸੇ ਕੰਮ ਲਈ ਪੈਦਲ ਹੀ ਤੁਰ ਪਏ। ਬਦਕਿਸਮਤੀ ਨਾਲ ਉਥੋਂ ਲੰਘ ਰਹੀ ਇਕ ਸ਼ੈਵੀ ਕਰੂਜ਼ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਾਰ ਨੂੰ 28 ਸਾਲਾ ਦੀ ਔਰਤ ਚਲਾ ਰਹੀ ਸੀ। ਔਰਤ ਨੂੰ ਵੀ ਕੁੱਝ ਮਾਮੂਲੀ ਸੱਟਾਂ ਲੱਗੀਆਂ। ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਹਾਦਸੇ ਤੋਂ ਬਾਅਦ ਤਕਰੀਬਨ 7 ਘੰਟੇ ਹਾਈਵੇਅ ਬੰਦ ਰਿਹਾ। ਹਾਈਵੇਅ ਪੁਲਿਸ ਇਸ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸਰਬਜੀਤ ਸਿੰਘ ਤੱਖਰ ਦਾ ਪਿਛਲਾ ਪਿਛੋਕੜ ਪਿੰਡ ਸ਼ੰਕਰ ਢੇਰੀਆਂ, ਜ਼ਿਲਾ ਜਲੰਧਰ ਹੈ ਅਤੇ ਉਹ ਲੰਮੇ ਸਮੇਂ ਤੋਂ ਅਮਰੀਕਾ 'ਚ ਰਹਿ ਰਹੇ ਸਨ।