ਗਰਭਵਤੀ ਔਰਤ ਦੇ ਪ੍ਰਵਾਸੀ ਪਤੀ ਨੂੰ ਲਿਆ ਗਿਆ ਹਿਰਾਸਤ ''ਚ

08/19/2018 10:53:21 AM

ਵਾਸ਼ਿੰਗਟਨ (ਭਾਸ਼ਾ)— ਕੈਲੀਫੋਰਨੀਆ ਦੀ ਇਕ ਗਰਭਵਤੀ ਮਹਿਲਾ ਨੇ ਦੱਸਿਆ ਕਿ ਉਸ ਨੂੰ ਖੁਦ ਹੀ ਕਾਰ ਚਲਾ ਕੇ ਡਲਿਵਰੀ ਲਈ ਹਸਪਤਾਲ ਜਾਣਾ ਪਿਆ ਕਿਉਂਕਿ ਉਸ ਦੇ ਪਤੀ ਨੂੰ ਪ੍ਰਵਾਸੀ ਏਜੰਟਾਂ ਨੇ ਹਸਪਤਾਲ ਜਾਣ ਦੌਰਾਨ ਹੀ ਹਿਰਾਸਤ ਵਿਚ ਲੈ ਲਿਆ ਸੀ। ਮਾਰੀਆ ਡੇਲ ਕੈਰਮੈਨ ਵੇਨੇਗਾਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਜੋਲ ਐਰੋਨਾ ਲਾਰਾ ਕਾਰ ਚਲਾ ਕੇ ਬੁੱਧਵਾਰ ਨੂੰ ਹਸਪਤਾਲ ਜਾ ਰਹੇ ਸਨ ਅਤੇ ਇਸ ਦੌਰਾਨ ਉਹ ਸੈਨ ਬਰਨਾਰਡੀਨੋ ਵਿਚ ਕਾਰ ਵਿਚ ਪੈਟਰੋਲ ਭਰਵਾਉਣ ਲਈ ਰੁਕੇ। ਜਿਵੇਂ ਹੀ ਸਾਡੀ ਗੱਡੀ ਪੈਟਰੋਲ ਪੰਪ 'ਤੇ ਰੁੱਕੀ ਉਸੇ ਵੇਲੇ ਦੋ ਗੱਡੀਆਂ ਸਾਡੀ ਗੱਡੀ ਦੇ ਨੇੜੇ ਆ ਕੇ ਖੜ੍ਹੀਆਂ ਹੋ ਗਈਆਂ। ਉੱਥੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਵਿਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ।

ਵੇਨੇਗਾਸ ਨੇ ਦੱਸਿਆ ਕਿ ਅਮਰੀਕੀ ਇਮੀਗ੍ਰੇਸ਼ਨ ਦੇ ਏਜੰਟਾਂ ਅਤੇ ਕਸਟਮ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਅਤੇ ਪਛਾਣ ਪੱਤਰ ਦੀ ਮੰਗ ਕੀਤੀ। ਵੇਨੇਗਾਸ ਨੇ ਅੱਗੇ ਦੱਸਿਆ ਕਿ ਉਸ ਨੇ ਆਪਣਾ ਪਛਾਣ ਪੱਤਰ ਅਧਿਕਾਰੀਆਂ ਨੂੰ ਦਿਖਾਇਆ ਪਰ ਉਸ ਦਾ ਪਤੀ ਕਾਹਲੀ ਵਿਚ ਆਪਣਾ ਪਛਾਣ ਪੱਤਰ ਘਰ ਵਿਚ ਹੀ ਭੁੱਲ ਆਇਆ ਸੀ। ਫਿਰ ਅਧਿਕਾਰੀ ਵੇਨੇਗਾਸ ਦੇ ਪਤੀ ਨੂੰ ਹਿਰਾਸਤ ਵਿਚ ਲੈ ਲੈਂਦੇ ਹਨ ਅਤੇ ਉੱਥੋਂ ਉਹ ਇਕੱਲੀ ਹੀ ਪੈਟਰੋਲ ਪੰਪ ਤੋਂ ਅੱਗੇ ਵੱਧ ਜਾਂਦੀ ਹੈ। ਉਸ ਨੇ ਦੱਸਿਆ ਕਿ ਇਸ ਮਗਰੋਂ ਉਹ ਕਾਰ ਖੁਦ ਡ੍ਰਾਈਵ ਕਰ ਕੇ ਹਸਪਤਾਲ ਪਹੁੰਚੀ ਅਤੇ ਸੀਜ਼ੇਰੀਅਨ ਜ਼ਰੀਏ ਆਪਣੇ 5ਵੇਂ ਬੱਚੇ ਨੂੰ ਜਨਮ ਦਿੱਤਾ। ਵੇਨੇਗਾਸ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਪਤੀ 12 ਸਾਲ ਪਹਿਲਾਂ ਮੱਧ ਮੈਕਸੀਕੋ ਤੋਂ ਇੱਥੇ ਆਏ ਸਨ। ਉਨ੍ਹਾਂ ਕੋਲ ਇੱਥੇ ਰਹਿਣ ਦੀ ਅਧਿਕਾਰਕ ਕਾਨੂੰਨੀ ਮਨਜ਼ੂਰੀ ਨਹੀਂ ਹੈ ਪਰ ਉਸ ਦੇ ਸਾਰੇ ਬੱਚੇ ਅਮਰੀਕੀ ਨਾਗਰਿਕ ਹਨ। ਉੱਥੇ ਆਈ.ਸੀ.ਆਈ. ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਏਜੰਟ ਨੇ ਬੁੱਧਵਾਰ ਨੂੰ ਐਰੋਨਾ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਹੁਣ ਉਸ 'ਤੇ ਮੁਕੱਦਮਾ ਚੱਲੇਗਾ।


Related News