'ਕੈਲਗਰੀ ਮਹਿਲਾ ਮੁਸਲਿਮ ਕਾਨਫਰੰਸ' 'ਚ ਕੀਤੀ ਗਈ ਔਰਤਾਂ ਦੇ ਹੱਕਾਂ ਦੀ ਗੱਲ

Monday, May 07, 2018 - 02:49 PM (IST)

ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਬੀਤੇ ਦਿਨੀਂ 'ਕੈਲਗਰੀ ਮਹਿਲਾ ਮੁਸਲਿਮ ਕਾਨਫਰੰਸ' 'ਚ ਔਰਤਾਂ ਦੇ ਹੱਕਾਂ ਅਤੇ ਬਰਾਬਰਤਾ ਦੇ ਹੱਕ ਆਦਿ ਵਿਸ਼ਿਆਂ 'ਤੇ ਗੱਲਬਾਤ ਕੀਤੀ ਗਈ। ਸ਼ਨੀਵਾਰ ਨੂੰ 'ਦਿ ਬੀਇੰਗ ਮੀ (ਮੁਸਲਿਮ ਐਮਪਾਵਰਮੈਂਟ) ਕਾਨਫਰੰਸ 'ਚ ਔਰਤਾਂ ਨੂੰ ਹੋਰ ਮਜ਼ਬੂਤ ਬਣਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਕਾਨਫਰੰਸ ਦਾ ਸੰਗਠਨ 7 ਸਾਲ ਪਹਿਲਾਂ ਕੀਤਾ ਗਿਆ ਸੀ। ਕੈਲਗਰੀ 'ਚ ਹੋਈ ਇਕ ਦਿਨਾ ਕਾਨਫਰੰਸ 'ਚ ਔਰਤਾਂ ਦੇ ਵਿਕਾਸ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰਾਂ ਹੋਈਆਂ। ਇਸ ਕਾਨਫਰੰਸ 'ਚ ਔਰਤਾਂ ਦੀ ਸਿਹਤ, ਕੰਮ-ਕਾਜ ਤੇ ਨੌਕਰੀਆਂ, ਨਿਕਾਹ ਅਤੇ ਤਲਾਕ ਆਦਿ ਸੰਬੰਧੀ ਵਿਸ਼ਿਆਂ 'ਤੇ ਚਰਚਾ ਕੀਤੀ ਗਈ। 

PunjabKesari
ਇਸ ਮੌਕੇ ਟੋਰਾਂਟੋ ਤੋਂ ਵਿਸ਼ੇਸ਼ ਤੌਰ 'ਤੇ ਬੀਬੀ ਫਰਾਹ ਇਸਲਾਮ ਵੀ ਪੁੱਜੀ, ਜੋ ਸੋਸ਼ਲ ਵਰਕਰ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਔਰਤਾਂ ਦੀ ਸਿਹਤ ਠੀਕ ਹੋਵੇ, ਤਾਂ ਹੀ ਉਹ ਕਿਸੇ ਵੀ ਕੰਮ 'ਚ ਪੂਰੀ ਤਰ੍ਹਾਂ ਕਾਮਯਾਬ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮਕਸਦ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨਾ ਹੈ ਤਾਂ ਕਿ ਉਹ ਆਪਣੇ ਵਿਚਾਰਾਂ ਨੂੰ ਚੰਗੇ ਤਰੀਕੇ ਨਾਲ ਅੱਗੇ ਰੱਖ ਸਕਣ। ਬੀਬੀ ਫਰਾਹ ਨੇ ਕਿਹਾ ਕਿ ਔਰਤਾਂ ਦੇ ਜਜ਼ਬੇ, ਪਿਆਰ ਅਤੇ ਐਨਰਜੀ ਨੂੰ ਦੇਖ ਕੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਵੀ ਆਪਣੇ ਧਰਮ ਬਾਰੇ ਕਈ ਗੱਲਾਂ ਸਿੱਖੀਆਂ। 
ਕਾਨਫਰੰਸ ਦੀ ਪ੍ਰਬੰਧਕ ਸ਼ਾਹੀਨ ਨੇ ਦੱਸਿਆ ਕਿ ਅਸੀਂ ਇਕ ਅਜਿਹਾ ਮੰਚ ਚਾਹੁੰਦੀਆਂ ਸੀ, ਜਿੱਥੇ ਸਾਰੀਆਂ ਮੁਸਲਿਮ ਔਰਤਾਂ ਆਪਣੇ ਵਿਚਾਰ ਸਾਂਝੇ ਕਰ ਸਕਣ। ਜ਼ਾਹਰਾ ਅਦਮਾਨੀ ਨਾਂ ਦੀ ਔਰਤ ਨੇ ਕਿਹਾ ਕਿ ਜਦ ਲੋਕ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਦੀ ਤਾਕਤ ਕੁੱਝ ਸਿੱਖਣ ਦੇ ਮੌਕੇ ਦਿੰਦੀ ਹੈ।


Related News