ਬ੍ਰੈਗਜ਼ਿਟ ਡੀਲ ਟਾਲ ਦਿੱਤੀ ਜਾਣੀ ਚਾਹੀਦੀ ਹੈ: ਮੰਤਰੀ

Saturday, Feb 23, 2019 - 09:13 PM (IST)

ਬ੍ਰੈਗਜ਼ਿਟ ਡੀਲ ਟਾਲ ਦਿੱਤੀ ਜਾਣੀ ਚਾਹੀਦੀ ਹੈ: ਮੰਤਰੀ

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਕੈਬਨਿਟ ਦੇ ਤਿੰਨ ਮੈਂਬਰਾਂ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਬ੍ਰਿਟਿਸ਼ ਸੰਸਦ ਨੂੰ ਯੂਰਪੀ ਸੰਸਦ ਤੋਂ ਵੱਖ ਹੋਣ ਸਬੰਧੀ ਪ੍ਰਸਤਾਵ 'ਤੇ ਅਗਲੇ ਹਫਤੇ ਤੱਕ ਰਾਜ਼ੀ ਨਹੀਂ ਕਰ ਪਾਉਂਦੀ ਤਾਂ ਬ੍ਰੈਗਜ਼ਿਟ ਦੀ ਤਰੀਕ ਟਾਲ ਦਿੱਤੀ ਜਾਣੀ ਚਾਹੀਦੀ ਹੈ।

ਵਪਾਰ ਮੰਤਰੀ ਗ੍ਰੇਗ ਕਲਾਰਕ, ਕਾਰਜ ਤੇ ਪੈਨਸ਼ਨ ਮੰਤਰੀ ਅੰਬਰ ਰਡ ਤੇ ਨਿਆ ਮੰਤਰੀ ਡੇਵਿਡ ਗੌਕ ਨੇ ਇਕ ਆਰਟੀਕਲ ਲਿਖ ਕੇ ਬਿਨਾਂ ਕਿਸੇ ਸਮਝੌਤੇ ਦੇ 29 ਮਾਰਚ ਨੂੰ ਯੂਰਪੀ ਸੰਘ ਨੂੰ ਛੱਡਣ ਦਾ ਵਿਰੋਧ ਕੀਤਾ। ਮੇਅ ਨੇ ਨਵੰਬਰ 'ਚ ਯੂਰਪੀ ਸੰਘ ਦੇ ਨਾਲ ਜੋ ਸਮਝੌਤਾ ਕੀਤਾ ਸੀ, ਉਹ ਫਿਲਹਾਲ ਉਸ ਦੇ ਮੂਲ ਰੂਪ 'ਚ ਬਦਲਾਅ 'ਤੇ ਹਾਮੀ ਹਾਸਲ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਨੂੰ ਉਨ੍ਹਾਂ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਜਾਣ ਦੀ ਆਸ ਹੈ, ਜਿਨ੍ਹਾਂ ਨੇ ਪਿਛਲੇ ਮਹੀਨੇ ਵਿਆਪਕ ਅੰਤਰ ਨਾਲ ਇਸ ਸਮਝੌਤੇ ਨੂੰ ਖਾਰਿਜ ਕਰ ਦਿੱਤਾ ਸੀ। ਮੰਤਰੀਆਂ ਨੇ ਡੇਲੀ ਮੇਲ ਅਖਬਾਰ 'ਚ ਲਿਖਿਆ ਕਿ ਜੇਕਰ ਅਗਲੇ ਹਫਤੇ ਕੋਈ ਸਫਲਤਾ ਨਹੀਂ ਮਿਲਦੀ ਹੈ ਤਾਂ ਇਹ ਸਪੱਸ਼ਟ ਹੈ ਕਿ 29 ਮਾਰਚ ਨੂੰ ਯੂਰਪੀ ਸੰਘ ਤੋਂ ਬਾਹਰ ਨਿਕਲਣ ਦੀ ਬਜਾਏ ਇਸ ਦੀ ਤਰੀਕ ਅੱਗੇ ਖਿਸਕਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਤੋਂ ਬਾਅਦ ਸਾਡੇ ਕੋਲ ਸਮਾਂ ਨਹੀਂ ਬਚੇਗਾ ਕਿ ਅਸੀਂ 29 ਮਾਰਚ ਤੋਂ ਪਹਿਲਾਂ ਇਸ ਸੌਦੇ 'ਤੇ ਰਜ਼ਾਮੰਦੀ ਤੇ ਜ਼ਰੂਰੀ ਕਾਨੂੰਨੀ ਕਦਮ ਚੁੱਕ ਸਕੀਏ। ਅਜਿਹੇ 'ਚ ਬਿਨਾਂ ਕਿਸੇ ਸਮਝੌਤੇ ਦੇ ਯੂਰਪੀ ਸੰਘ ਛੱਡਣ ਨਾਲ ਬ੍ਰਿਟੇਨ ਦੀ ਅਰਥਵਿਵਸਥਾ ਤੇ ਰਾਸ਼ਟਰੀ ਸੁਰੱਖਿਆ ਨੂੰ ਵੱਡਾ ਨੁਕਸਾਨ ਹੋਵੇਗਾ।

ਮੇਅ ਯੂਰਪੀ ਕਮਿਸ਼ਨ ਦੇ ਪ੍ਰਧਾਨ ਜੀਨ ਕਲਾਊਡ ਜੰਕਰ ਨਾਲ ਗੱਲਬਾਤ ਕਰਨ ਲਈ ਇਸ ਹਫਤੇ ਬ੍ਰਸਲਸ 'ਚ ਸੀ। ਉਹ ਐਤਵਾਰ ਨੂੰ ਮਿਸਰ 'ਚ ਯੂਰਪੀ ਸੰਘ-ਅਰਬ ਲੀਗ ਸੰਮੇਲਨ ਦੇ ਮੌਕੇ ਯੂਰਪ ਪ੍ਰੀਸ਼ਦ ਦੇ ਪ੍ਰਧਾਨ ਡੋਨਾਲਡ ਟਸਕ ਨਾਲ ਗੱਲ ਕਰੇਗੀ।


author

Baljit Singh

Content Editor

Related News