ਵੱਡੀ ਖ਼ਬਰ : ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਕੈਨੇਡਾ ਪੁਲਸ ਨੇ ਗ੍ਰਿਫ਼ਤਾਰ ਕੀਤੇ ਕਾਤਲ
Friday, May 03, 2024 - 11:26 PM (IST)
ਇੰਟਰਨੈਸ਼ਨਲ ਡੈਸਕ– ਕੈਨੇਡੀਅਨ ਪੁਲਸ ਨੇ ਕਥਿਤ ਤੌਰ ’ਤੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਪਿਛਲੇ ਸਾਲ ਜੂਨ ’ਚ ਖ਼ਾਲਿਸਤਾਨੀ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੁੜੇ ਕਥਿਤ ‘ਹਿੱਟ ਸਕੁਐਡ’ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨ ਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਵਜੋਂ ਹੋਈ ਹੈ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀ. ਬੀ. ਸੀ.) ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ‘ਹਿੱਟ ਸਕੁਐਡ’ ਦੇ ਮੈਂਬਰਾਂ ਨੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਨਿੱਝਰ ਦੇ ਮਾਰੇ ਜਾਣ ਵਾਲੇ ਦਿਨ ਨਿਸ਼ਾਨੇਬਾਜ਼ਾਂ, ਡਰਾਈਵਰਾਂ ਤੇ ਸਪੋਟਰਾਂ ਵਜੋਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ।
ਇਨ੍ਹਾਂ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਟਿੱਪਣੀ ਲਈ ਤੁਰੰਤ ਉਪਲੱਬਧ ਨਹੀਂ ਸੀ। ਭਾਰਤ ਨੇ ਵੀ ਅਜੇ ਤੱਕ ਇਸ ਮਾਮਲੇ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਦੇਰ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਸੇਵਾ ਮੁਕਤ ASI ਦੀ ਮੌਤ
ਸੀ. ਬੀ. ਸੀ. ਸੂਤਰਾਂ ਨੇ ਦੱਸਿਆ ਕਿ ਕਥਿਤ ‘ਹਿੱਟ ਸਕੁਐਡ’ ਦੇ ਮੈਂਬਰਾਂ ਦੀ ਪਛਾਣ ਕੈਨੇਡੀਅਨ ਅਧਿਕਾਰੀਆਂ ਵਲੋਂ ਕੁਝ ਮਹੀਨੇ ਪਹਿਲਾਂ ਕੀਤੀ ਗਈ ਸੀ ਤੇ ਜਾਂਚਕਰਤਾਵਾਂ ਨੇ ਉਨ੍ਹਾਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਹੋਇਆ ਹੈ।
ਕੈਨੇਡੀਅਨ ਪੁਲਸ ਕਥਿਤ ਤੌਰ ’ਤੇ ਐਡਮਿੰਟਨ ’ਚ ਇਕ 11 ਸਾਲਾ ਲੜਕੇ ਦੀ ਗੋਲੀ ਨਾਲ ਹੋਈ ਮੌਤ ਸਮੇਤ 3 ਹੋਰ ਕਤਲਾਂ ਦੇ ਸੰਭਾਵਿਤ ਲਿੰਕਾਂ ਦੀ ਵੀ ਜਾਂਚ ਕਰ ਰਹੀ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਤੰਬਰ 2023 ’ਚ ਐਲਾਨ ਕੀਤੇ ਜਾਣ ਤੋਂ ਬਾਅਦ ਕੈਨੇਡਾ ਤੇ ਭਾਰਤ ’ਚ ਇਕ ਵੱਡਾ ਕੂਟਨੀਤਕ ਝਗੜਾ ਹੋ ਗਿਆ ਸੀ ਕਿ ਕੈਨੇਡੀਅਨ ਅਧਿਕਾਰੀ ਇਕ ਕੈਨੇਡੀਅਨ ਨਾਗਰਿਕ ਨਿੱਝਰ ਦੀ ਘਾਤਕ ਗੋਲੀਬਾਰੀ ਲਈ ਭਾਰਤੀ ਸਰਕਾਰੀ ਏਜੰਟਾਂ ਨੂੰ ਜੋੜਨ ਦੇ ਦੋਸ਼ਾਂ ਦੀ ਪੈਰਵੀ ਕਰ ਰਹੇ ਸਨ। ਨਵੀਂ ਦਿੱਲੀ ਨੇ ਟਰੂਡੋ ਦੇ ਇਸ ਦਾਅਵੇ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਹੈ।
ਕੈਨੇਡਾ ਭਾਰਤ ’ਤੇ ਜਾਂਚ ’ਚ ਸਹਿਯੋਗ ਕਰਨ ਲਈ ਦਬਾਅ ਪਾ ਰਿਹਾ ਸੀ। ਅਮਰੀਕਾ ਨੇ ਬਾਅਦ ’ਚ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਵਿਰੁੱਧ ਹੱਤਿਆ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।
ਜਨਤਕ ਪ੍ਰਸਾਰਕ ਸੀ. ਬੀ. ਸੀ. ਨਾਲ ਇਕ ਸਾਲ ਦੇ ਅੰਤ ’ਚ ਇੰਟਰਵਿਊ ਦੇ ਇਕ ਅੰਸ਼ ’ਚ ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਦੋਸ਼ਾਂ ਨੇ ਕੈਨੇਡਾ ਪ੍ਰਤੀ ਮੋਦੀ ਸਰਕਾਰ ਦੇ ਰੁਖ਼ ਨੂੰ ਨਰਮ ਕੀਤਾ ਜਾਪਦਾ ਹੈ।
ਪੀ. ਐੱਮ. ਮੋਦੀ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਇਹ ਵੀ ਕਿਹਾ ਕਿ ਭਾਰਤ ਵਿਦੇਸ਼ਾਂ ’ਚ ਸਥਿਤ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਡੂੰਘਾ ਚਿੰਤਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।