ਚੀਨ ਨੂੰ ਕਿਨਾਰੇ ਕਰ ਤਾਈਵਾਨ ਨੇ ਭਾਰਤ ਦੀ ਮਦਦ ਨਾਲ ਪੁਲਾੜ ’ਚ ਭੇਜਿਆ ਆਪਣਾ ਉੱਪਗ੍ਰਹਿ
Tuesday, Mar 08, 2022 - 12:06 PM (IST)
ਚੀਨ ਦੀਆਂ ਨੀਤੀਆਂ ਦੇ ਕਾਰਨ ਨਾ ਸਿਰਫ ਵਿਸ਼ਵ ਪੱਧਰੀ ਸ਼ਕਤੀਆਂ ਸਗੋਂ ਚੀਨ ਦੇ ਗੁਆਂਢੀ ਦੇਸ਼ਾਂ ’ਚ ਚੀਨ ਦੇ ਵਿਰੁੱਧ ਭਾਰੀ ਗੁੱਸਾ ਫੈਲ ਗਿਆ ਹੈ। ਇਹ ਸਾਰੇ ਦੇਸ਼ ਚੀਨ ਤੋਂ ਦੂਰ ਹੁੰਦੇ ਜਾ ਰਹੇ ਹਨ, ਅਜਿਹੇ ’ਚ ਇਹ ਦੇਸ਼ ਜਾਂ ਤਾਂ ਅਮਰੀਕਾ ਅਤੇ ਯੂਰਪੀ ਸੰਘ ਦਾ ਹੱਥ ਫੜ ਰਹੇ ਹਨ ਜਾਂ ਫਿਰ ਉਨ੍ਹਾਂ ਤਾਕਤਾਂ ਦੇ ਨਾਲ ਹੱਥ ਮਿਲਾ ਰਹੇ ਹਨ ਜੋ ਚੀਨ ਦੇ ਵਿਰੁੱਧ ਹਨ ਅਤੇ ਪ੍ਰਗਤੀਸ਼ੀਲ ਢੰਗ ਨਾਲ ਕੰਮ ਕਰ ਰਹੇ ਹਨ।
ਚੀਨ ਦੇ ਗੁਆਂਢੀ ਦੇਸ਼ ਤਾਈਵਾਨ ਦੀ ਗੱਲ ਕਰੀਏ ਤਾਂ ਉਸ ਨੂੰ ਚੀਨ ਹਮੇਸ਼ਾ ਧਮਕਾਉਂਦਾ ਰਹਿੰਦਾ ਹੈ ਪਰ ਤਾਈਵਾਨ ਲਗਾਤਾਰ ਵਿਗਿਆਨ ਦੇ ਖੇਤਰ ’ਚ ਤਰੱਕੀ ਕਰਦਾ ਜਾ ਰਿਹਾ ਹੈ।
14 ਫਰਵਰੀ ਨੂੰ ਭਾਰਤ ਨੇ ਜੋ ਉਪਗ੍ਰਹਿ ਪੁਲਾੜ ’ਚ ਭੇਜਿਆ ਹੈ ਉਸ ’ਚ ਇਕ ਉਪਗ੍ਰਹਿ ਤਾਈਵਾਨ ਦਾ ਵੀ ਸ਼ਾਮਲ ਹੈ। ਭਾਰਤ ਨੇ ਸੋਮਵਾਰ ਨੂੰ ਪੀ. ਐੱਸ. ਐੱਲ. ਵੀ. ਸੀ. 52 ਰਾਹੀਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਭਾਵ ਈ. ਓ. ਐੱਸ. 04 ਭੇਜਿਆ ਹੈ, ਇਸ ਦੇ ਇਲਾਵਾ ਦੋ ਕੌਮਾਂਤਰੀ ਕੰਪਨੀਆਂ ਦੇ ਉਪਗ੍ਰਹਿ ਵੀ ਪੁਲਾੜ ’ਚ ਭੇਜੇ ਗਏ ਹਨ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਭੇਜਿਆ ਗਿਆ ਹੈ।2 ਕੌਮਾਂਤਰੀ ਉਪਗ੍ਰਹਿ ’ਚੋਂ ਇਕ ਤਾਈਵਾਨ ਦਾ ਉਪਗ੍ਰਹਿ ਹੈ। ਤਾਈਵਾਨ ਸਾਲ 2018 ਤੋਂ ਭਾਰਤ ਦੇ ਪੁਲਾੜ ਸੰਸਥਾਨ ਇਸਰੋ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਸੀ ਕਿਉਂਕਿ ਦੋਵਾਂ ਦੇਸ਼ਾਂ ’ਚ ਕੌਮਾਂਤਰੀ ਮੁਹਿੰਮ ਨੂੰ ਲੈ ਕੇ, ਉਪਗ੍ਰਹਿਆਂ ਨੂੰ ਲੈ ਕੇ ਬਹੁਤ ਸੰਭਾਵਨਾਵਾਂ ਮੌਜੂਦ ਹਨ। ਪੀ. ਐੱਸ. ਐੱਲ. ਵੀ. ਦੇ ਸਫਲਤਾਪੂਰਵਕ ਪੁਲਾੜ ’ਚ ਲਾਂਚ ਹੋਣ ਦੇ ਬਾਅਦ ਤਾਈਵਾਨ ਦੇ ਮੀਡੀਆ ਨੇ ਖ਼ਬਰ ਜਾਰੀ ਕਰ ਕੇ ਦੁਨੀਆ ਨੂੰ ਦੱਸਿਆ ਕਿ ਇਸ ਗੱਲ ਤੋਂ ਤਾਈਵਾਨ ਦੀ ਜਨਤਾ ਕਿੰਨੀ ਖੁਸ਼ ਹੈ। ਇਸ ਦੇ ਨਾਲ ਹੀ ਉੱਥੋਂ ਦੇ ਮੀਡੀਆ ਨੇ ਇਹ ਵੀ ਦੱਸਿਆ ਕਿ ਇਹ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਭਾਰਤ ਨੇ ਤਾਈਵਾਨ ਉਪਗ੍ਰਹਿ ਨੂੰ ਪੁਲਾੜ ’ਚ ਲਾਂਚ ਕੀਤਾ ਹੈ।
ਤਾਈਵਾਨ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਇਸਰੋ ਅੱਜ ਪੁਲਾੜ ਦੇ ਖੇਤਰ ’ਚ ਦੁਨੀਆ ਦੇ ਮੋਹਰੀ ਦੇਸ਼ਾਂ ’ਚ ਸ਼ਾਮਲ ਹੈ। ਭਾਰਤ ਦੇ ਉਪਗ੍ਰਹਿ ਦੇ ਨਾਲ ਹੀ ਇਸ ’ਚ ਦੋ ਹੋਰ ਉਪਗ੍ਰਹਿ ਸਨ ਜਿਨ੍ਹਾਂ ’ਚੋਂ ਇਕ ਹੈ ਇੰਸਪਾਇਰਸੈੱਟ-1ਏ। ਇਸ ਨੂੰ ਤਿਆਰ ਕਰਨ ’ਚ ਤਾਈਵਾਨ ਦੀ ਸੈਂਟਰਲ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਹੈ। ਇਹ ਉਪਗ੍ਰਹਿ 8-9 ਕਿ. ਗ੍ਰਾ ਦਾ ਹੈ ਅਤੇ ਛੋਟੇ ਉਪਗ੍ਰਹਿ ਦੀ ਸ਼੍ਰੇਣੀ ’ਚ ਆਉਦਾ ਹੈ। ਇਸ ਨੂੰ ਤਿਆਰ ਕਰਨ ’ਚ ਤਾਈਵਾਨ ਦੇ ਖੋਜੀਆਂ ਦੇ ਇਲਾਵਾ ਅਮਰੀਕਾ ਅਤੇ ਸਿੰਗਾਪੁਰ ਦੇ ਮਾਹਿਰਾਂ ਦਾ ਹੱਥ ਸੀ। ਭਾਰਤ ਅਤੇ ਤਾਈਵਾਨ ਦੀ ਇਹ ਛੋਟੀ ਜਿਹੀ ਸ਼ੁਰੂਆਤ ਹੈ ਪਰ ਇਤਿਹਾਸਕ ਸ਼ੁਰੂਆਤ ਹੈ, ਆਉਣ ਵਾਲੇ ਸਮੇਂ ’ਚ ਭਾਰਤ ਅਤੇ ਤਾਈਵਾਨ ਦਰਮਿਆਨ ਪੁਲਾੜ ਦੇ ਖੇਤਰ ’ਚ ਸਹਿਯੋਗ ਹੋਰ ਵੀ ਵਧੇਗਾ ਜਿਸ ਦੇ ਤਹਿਤ ਹੋਰ ਵੱਡੇ ਅਤੇ ਸਖਤ ਯੰਤਰਾਂ ਵਾਲੇ ਉਪਗ੍ਰਹਿ ਪੁਲਾੜ ’ਚ ਭਾਰਤ ਰਾਹੀਂ ਭੇਜੇ ਜਾਣਗੇ।
ਅਜੇ ਤੱਕ ਤਾਈਵਾਨ ਪੁਲਾੜ ਦੇ ਖੇਤਰ ’ਚ ਅਮਰੀਕਾ ’ਤੇ ਨਿਰਭਰ ਸੀ ਪਰ ਹੁਣ ਉਸ ਨੇ ਭਾਰਤ ਦਾ ਸਾਥ ਫੜਿਆ ਹੈ।ਤਾਈਵਾਨ ਜਿਸ ਭੂਗੋਲਿਕ ਸਥਿਤੀ ’ਚ ਹੈ ਉੱਥੇ ਸਮੇਂ-ਸਮੇਂ ’ਤੇ ਸਮੁੰਦਰੀ ਤੂਫਾਨ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਟਾਈਫੂਨ ਕਹਿੰਦੇ ਹਨ, ਇਸ ਨਾਲ ਉੱਥੇ ਕੁਦਰਤੀ ਅਤੇ ਮਨੁੱਖ ਰਾਹੀਂ ਤਿਆਰ ਸੋਮਿਆਂ ਦਾ ਵੱਡਾ ਨੁਕਸਾਨ ਹੁੰਦਾ ਹੈ ਤਾਈਵਾਨ ਨੂੰ ਅਜੇ ਤੱਕ ਇਸ ਬਾਰੇ ’ਚ ਜਾਣਕਾਰੀ ਲਈ ਅਮਰੀਕਾ ’ਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਉਸ ਨੇ ਆਪਣੀ ਨਿਰਭਰਤਾ ਅਮਰੀਕਾ ’ਤੇ ਘਟਾਉਣ ਦਾ ਕੰਮ ਕੀਤਾ ਹੈ। ਪੁਲਾੜ ਦੇ ਖੇਤਰ ’ਚ ਭਾਰਤ ਦੇ ਇਸਰੋ ਅਤੇ ਤਾਈਵਾਨ ਸੈਂਟਰਲ ਯੂਨੀਵਰਸਿਟੀ ਦਰਮਿਆਨ ਇਹ ਪਹਿਲਾ ਸਹਿਯੋਗ ਹੈ। ਉਪਗ੍ਰਹਿ ਦੇ ਲਾਂਚ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਤਾਈਵਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਬਾਰੇ ’ਚ ਇਕ ਬਿਆਨ ਵੀ ਦਿੱਤਾ ਜੋ ਵੱਧ ਚਰਚਾ ’ਚ ਨਹੀਂ ਹੈ ਪਰ ਉਨ੍ਹਾਂ ਦਾ ਬਿਆਨ ਮਹੱਤਵਪੂਰਨ ਹੈ।
ਤਾਈਵਾਨ ਦੇ ਵਿਦੇਸ਼ ਮੰਤਰੀ ਜੋ ਸੇਫ ਵੂ ਨੇ ਕਿਹਾ ਹੈ ਕਿ ਤਾਈਵਾਨ ਦੀ ਜਨਤਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਜਾਣਦੀ ਹੈ ਅਤੇ ਉਸ ਦਾ ਆਦਰ ਕਰਦੀ ਹੈ ਜੋ ਹਰ ਤਰ੍ਹਾਂ ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਦਾ ਹੈ। ਤਾਈਵਾਨ, ਯੂਰਪ, ਅਮਰੀਕਾ ਸਮੇਤ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਜੇਕਰ ਚੀਨ ਦੇ ਸਾਹਮਣੇ ਕੋਈ ਇਕ ਦੇਸ਼ ਨਿਡਰਤਾ ਨਾਲ ਖੜ੍ਹਾ ਹੈ ਤਾਂ ਭਾਰਤ ਹੈ। ਭਾਰਤ ਨੇ ਚੀਨ ਦੀ ਹਮਲਾਵਰ ਨੀਤੀ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਸ ਕਾਰਨ ਚੀਨ ਇਸ ਸਮੇਂ ਸੋਚ ਸਮਝ ਕੇ ਚੱਲ ਰਿਹਾ ਹੈ। ਭਾਰਤ ਚੀਨ ਨਾਲ ਬਰਾਬਰੀ ਦੇ ਪੱਧਰ ’ਤੇ ਗੱਲ ਕਰੇਗਾ, ਨਹੀਂ ਤਾਂ ਚੀਨ ਨਾਲ ਭਾਰਤ ਕੋਈ ਗੱਲ ਨਹੀਂ ਕਰਨੀ ਚਾਹੁੰਦੀ। ਭਾਰਤ ਨੇ ਦਿਖਾ ਦਿੱਤਾ ਹੈ ਕਿ ਜੇਕਰ ਚੀਨ ਆਪਣੀ ਸ਼ਕਤੀ ਦੀ ਗਲਤ ਵਰਤੋਂ ਕਰੇਗਾ ਤਾਂ ਭਾਰਤ ਉਸ ਨੂੰ ਸਬਕ ਜ਼ਰੂਰ ਸਿਖਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਤਾਈਵਾਨ ਦੀ ਜਨਤਾ ਦਰਮਿਆਨ ਅੱਜ ਭਾਰਤ ਦਾ ਸਨਮਾਨ ਬਣਿਆ ਹੋਇਆ ਹੈ।
ਭਾਰਤ ਤਾਈਵਾਨ ਦੇ ਉਪਗ੍ਰਹਿ ਨੂੰ ਲਾਂਚਿੰਗ ਗੱਡੀ ਨਾਲ ਪੁਲਾੜ ’ਚ ਪਹੁੰਚਾਵੇਗਾ ਅਤੇ ਤਾਈਵਾਨ ਦੇ ਮੀਡੀਆ ’ਚ ਭਾਰਤ ਦੀ ਸ਼ਲਾਘਾ ਦੀ ਗੱਲ ਹੋਵੇਗੀ ਤਾਂ ਚੀਨ ਚੁੱਪ ਰਹੇ, ਅਜਿਹਾ ਹੋ ਨਹੀਂ ਸਕਦਾ। ਚੀਨ ਨੇ ਵੀ ਆਪਣੇ ਮੀਡੀਆ ਰਾਹੀਂ ਇਸ ਪੂਰੇ ਘਟਨਾਕ੍ਰਮ ਦੀ ਬੁਰਾਈ ਕੀਤੀ ਹੈ। ਭਾਰਤ ’ਚ ਚੀਨ ਦੇ ਦੂਤਘਰ ਤੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਮੀਡੀਆ ਤਾਈਵਾਨ ਦੀ ਆਜ਼ਾਦੀ ਦੀ ਗੱਲ ਕਰਕੇ ਬਹੁਤ ਗਲਤ ਕਰ ਰਿਹਾ ਹੈ ਅਤੇ ਤਾਈਵਾਨ ਦੇ ਰਾਜਦੂਤ ਨੂੰ ਭਾਰਤ ਕਿਉਂ ਸੱਦ ਰਿਹਾ ਹੈ। ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।ਦਰਅਸਲ ਭਾਰਤ ਦੇ ਤਾਈਵਾਨ ਦੇ ਇੰਨੇ ਨੇੜੇ ਆ ਜਾਣ ਨਾਲ ਅਤੇ ਉਸ ਦੀ ਮਦਦ ਕਰਨ ਨਾਲ ਚੀਨ ਬੁਰੀ ਤਰ੍ਹਾਂ ਸੁਲਗ ਰਿਹਾ ਹੈ। ਪੂਰੇ ਏਸ਼ੀਆ ’ਚ ਤਾਈਵਾਨ ਦੇ ਨਾਲ ਜਾਪਾਨ ਨੂੰ ਛੱਡ ਕੇ ਕੋਈ ਹੋਰ ਦੇਸ਼ ਖੜ੍ਹਾ ਨਹੀਂ ਹੋ ਸਕਦਾ ਪਰ ਭਾਰਤ ਨੇ ਇਹ ਹਿੰਮਤ ਦਿਖਾਈ ਹੈ ਤਾਂ ਚੀਨ ਨੂੰ ਇਸ ਦਾ ਕਰਾਰਾ ਜਵਾਬ ਮਿਲ ਗਿਆ ਹੈ।
ਭਵਿੱਖ ’ਚ ਪੁਲਾੜ ਦੇ ਨਾਲ-ਨਾਲ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਭਾਰਤ ਅਤੇ ਤਾਈਵਾਨ ਦਰਮਿਆਨ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ, ਦੋਵੇਂ ਦੇਸ਼ ਚੀਨ ਦੀ ਪ੍ਰਵਾਹ ਕੀਤੇ ਬਿਨਾਂ ਹੁਣ ਖੁੱਲ੍ਹ ਕੇ ਇਕ-ਦੂਜੇ ਤੋਂ ਸਿੱਖਣ ਅਤੇ ਇਕ-ਦੂਸਰੇ ਦੀ ਮਦਦ ਕਰਨ ਲਈ ਅੱਗੇ ਆਏ ਹਨ। ਇਕ ਪਾਸੇ ਜਿੱਥੇ ਤਾਈਵਾਨ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਅਮਰੀਕਾ ’ਤੇ ਆਪਣੀ ਨਿਰਭਰਤਾ ਘੱਟ ਕਰ ਕੇ ਦੂਸਰੇ ਦੇਸ਼ਾਂ ਦਾ ਸਾਥ ਫੜ ਰਿਹਾ ਹੈ ਤਾਂ ਓਧਰ ਭਾਰਤ ਵੀ ਤਾਈਵਾਨ ਦਾ ਸਾਥ ਦੇ ਕੇ ਦੇਸੀ ਤਕਨੀਕ ’ਚ ਹੋਰ ਤਰੱਕੀ ਕਰਨੀ ਚਾਹੁੰਦਾ ਹੈ, ਇਸ ਨਾਲ ਦੋਵਾਂ ਦੇਸ਼ਾਂ ਨੂੰ ਇਕੱਠਿਆਂ ਅੱਗੇ ਵਧਣ ਦਾ ਮੌਕਾ ਮਿਲੇਗਾ।