ਜੰਗਲੀ ਅੱਗ ਕਾਰਨ ਘਰ ਛੱਡਣ ਲਈ ਮਜਬੂਰ ਹੋਏ ਵਿਅਕਤੀ ਨੇ ਜਿੱਤੀ ਲੱਖਾਂ ਡਾਲਰਾਂ ਦੀ ਲਾਟਰੀ

02/17/2020 2:20:27 PM

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਇਲਾਕਿਆਂ 'ਚ ਜਾਣਾ ਪਿਆ। ਬਹੁਤ ਸਾਰੇ ਲੋਕਾਂ ਨੂੰ ਬੀਚ ਨੇੜਲੇ ਖੇਤਰਾਂ 'ਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਇਸੇ ਤਰ੍ਹਾਂ ਬੈਟਸਮੇਨ ਵੇਅ ਇਲਾਕੇ 'ਚ ਰਹਿਣ ਵਾਲਾ ਇਕ ਵਿਅਕਤੀ ਜੋ ਕਿ ਜੰਗਲੀ ਅੱਗ ਕਾਰਨ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਿਆ ਸੀ, ਨੇ ਲੱਖਾਂ ਡਾਲਰਾਂ ਦੀ ਲਾਟਰੀ ਜਿੱਤੀ ਹੈ। ਉਸ ਨੇ ਦੱਸਿਆ ਕਿ ਉਹ ਯਕੀਨ ਨਹੀਂ ਕਰ ਸਕਦਾ ਕਿ ਸੱਚਮੁਚ ਉਸ ਦੀ ਕਿਸਮਤ ਖੁੱਲ੍ਹ ਗਈ ਹੈ। ਸ਼ਨੀਵਾਰ ਰਾਤ ਨੂੰ ਉਸ ਨੇ ਲੋਟੋ ਸੁਪਰਡਰਾਅ 'ਚ ਜਿੱਤ ਹਾਸਲ ਕੀਤੀ।

ਉਸ ਨੇ ਦੱਸਿਆ ਕਿ ਹਾਲਾਂਕਿ ਜੰਗਲੀ ਅੱਗ ਕਾਰਨ ਉਸ ਦਾ ਘਰ ਨਹੀਂ ਸੜਿਆ ਪਰ ਉਸ ਦੇ ਗੁਆਂਢ 'ਚ ਰਹਿਣ ਵਾਲੇ ਕਈ ਲੋਕਾਂ ਦੇ ਘਰ ਸੜ ਗਏ ਸਨ ਤੇ ਉਨ੍ਹਾਂ ਦੇ ਦਰਦ ਨੂੰ ਉਸ ਨੇ ਬਹੁਤ ਨੇੜਿਓਂ ਦੇਖਿਆ ਹੈ। ਉਸ ਨੇ ਦੱਸਿਆ ਕਿ ਇਸ ਸਾਲ ਦਾ ਉਸ ਨੂੰ ਇਹ ਸਭ ਤੋਂ ਵਧੀਆ ਤੋਹਫਾ ਮਿਲਿਆ ਹੈ ਕਿ ਉਹ 2.5 ਮਿਲੀਅਨ ਡਾਲਰ ਦਾ ਮਾਲਕ ਬਣ ਗਿਆ ਹੈ। ਇਸ ਪੈਸੇ ਨਾਲ ਉਹ ਆਪਣਾ ਸੁਪਨਾ ਸੱਚ ਕਰੇਗਾ ਤੇ ਵੱਡਾ ਘਰ ਖਰੀਦੇਗਾ। ਇਸ ਦੇ ਨਾਲ ਹੀ ਹੁਣ ਉਸ ਦੀ ਪਤਨੀ ਨੂੰ ਕੰਮ ਨਹੀਂ ਕਰਨਾ ਪਵੇਗਾ ਤੇ ਉਹ ਯੂਰਪ ਟੂਰ 'ਤੇ ਜਾਣਗੇ।


Related News