ਵੀਅਤਨਾਮ ; ਮਲਬੇ ਹੇਠਾਂ ਦੱਬ ਗਈ ਸਵਾਰੀਆਂ ਨਾਲ ਭਰੀ ਬੱਸ, 6 ਦੀ ਮੌਤ, ਕਈ ਜ਼ਖ਼ਮੀ
Tuesday, Nov 18, 2025 - 09:50 AM (IST)
ਇੰਟਰਨੈਸ਼ਨਲ ਡੈਸਕ- ਵੀਅਤਨਾਮ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਖ਼ਤਰਨਾਕ ਪਹਾੜੀ 'ਤੇ ਜ਼ਮੀਨ ਖਿਸਕਣ ਤੋਂ ਬਾਅਦ ਇਕ ਬੱਸ ਮਲਬੇ ਹੇਠ ਦੱਬੀ ਗਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਹੋਰ ਜ਼ਖਮੀ ਹੋ ਗਏ। ਮੌਸਮ ਵਿਭਾਗ ਨੇ ਇੱਥੇ ਪੂਰਾ ਹਫਤਾ ਮੋਹਲੇਧਾਰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਕਾਰਨ ਅਜਿਹੇ ਹੋਰ ਹਾਦਸੇ ਵਾਪਰਨ ਦਾ ਖ਼ਤਰਾ ਵਧ ਗਿਆ ਹੈ।
ਜਾਣਕਾਰੀ ਅਨੁਸਾਰ ਐਤਵਾਰ ਦੇਰ ਰਾਤ ਕੇਂਦਰੀ ਪਹਾੜੀ ਖੇਤਰ ਵਿਚ ਖਾਨ ਲੇ ਦੱਰੇ ਵਿਚੋਂ ਲੰਘ ਰਹੀ ਇਕ ਬੱਸ ’ਤੇ ਅਚਾਨਕ ਮਲਬਾ ਅਤੇ ਪੱਥਰ ਡਿੱਗ ਪਏ। ਇਹ 33 ਕਿਲੋਮੀਟਰ ਲੰਬੀ ਘੁਮਾਅਦਾਰ ਸੜਕ, ਜੋ ਕਿ ਖੜ੍ਹੀਆਂ ਪਹਾੜੀਆਂ ਵਿਚੋਂ ਲੰਘਦੀ ਹੈ, ਸੈਲਾਨੀਆਂ ਵਿਚ ਬਹੁਤ ਪ੍ਰਸਿੱਧ ਹੈ ਪਰ ਮੀਂਹ ਦੇ ਮੌਸਮ ਦੌਰਾਨ ਇੱਥੇ ਜ਼ਮੀਨ ਖਿਸਕਣਾ ਆਮ ਗੱਲ ਹੈ। ਜ਼ਮੀਨ ਖਿਸਕਣ ਨਾਲ ਬੱਸ ਦੇ ਅਗਲੇ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਕਈ ਯਾਤਰੀ ਅੰਦਰ ਫਸ ਗਏ।
ਮੋਹਲੇਧਾਰ ਮੀਂਹ ਕਾਰਨ ਦੱਰੇ ਦੇ ਦੋਵੇਂ ਪਾਸੇ ਜ਼ਮੀਨ ਖਿਸਕ ਗਈ, ਜਿਸ ਕਾਰਨ ਸੜਕ ਬੰਦ ਹੋ ਗਈ। ਬਚਾਅ ਕਰਮਚਾਰੀਆਂ ਨੂੰ ਘਟਨਾ ਸਥਾਨ ’ਤੇ ਪਹੁੰਚਣ ਲਈ ਕਈ ਘੰਟੇ ਲੱਗ ਗਏ ਅਤੇ ਉਹ ਅੱਧੀ ਰਾਤ ਤੋਂ ਬਾਅਦ ਹੀ ਬੱਸ ਤੱਕ ਪਹੁੰਚ ਸਕੇ। ਬੱਸ ਵਿਚ 32 ਯਾਤਰੀ ਸਵਾਰ ਸਨ, ਜੋ ਵੀਅਤਨਾਮ ਦੀ ਆਰਥਿਕ ਰਾਜਧਾਨੀ ਹੋ ਚੀ ਮਿਨ੍ਹ ਸਿਟੀ ਤੋਂ ਦਾ ਲਾਟ ਰਾਹੀਂ ਕੰਢੀ ਸ਼ਹਿਰ ਨਹਾ ਤ੍ਰਾਂਗ ਜਾ ਰਹੇ ਸਨ।
