ਮੈਲਬੌਰਨ: ਤਨਖਾਹਾਂ 'ਚ ਵਾਧੇ ਨੂੰ ਲੈ ਕੇ ਬੱਸ ਡਰਾਈਵਰਾਂ ਵਲੋਂ ਹੜਤਾਲ

07/14/2018 5:06:27 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਤਨਖਾਹਾਂ ਵਿਚ ਵਾਧੇ ਨੂੰ ਲੈ ਕੇ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੱਦੇ 'ਤੇ ਸ਼ੁੱਕਰਵਾਰ ਨੂੰ ਹੜਤਾਲ ਦੇ ਐਲਾਨ ਕਾਰਨ ਵੱਡੀ ਗਿਣਤੀ ਵਿਚ ਬੱਸ ਡਰਾਈਵਰਾਂ ਵਲੋਂ ਪੱਛਮੀ ਮੈਲਬੌਰਨ ਵਿਚ ਪ੍ਰਦਰਸ਼ਨ ਕੀਤਾ ਗਿਆ। 4 ਚਾਰ ਘੰਟੇ ਲਈ ਮਿੱਥੇ ਸਮੇਂ ਅਨੁਸਾਰ ਕੀਤੀ ਗਈ ਇਸ ਹੜਤਾਲ ਵਿਚ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੱਸ ਡਰਾਈਵਰਾਂ ਨੇ ਹਿੱਸਾ ਲਿਆ। ਯੂਨੀਅਨ ਪ੍ਰਤੀਨਿਧੀਆਂ ਨੇ ਕੰਪਨੀ ਵਲੋਂ ਤਨਖਾਹਾਂ ਵਿਚ ਮਾਮੂਲੀ ਵਾਧਾ ਕਰਨ ਦੀ ਤਜਵੀਜ਼ ਨੂੰ ਸਿਰਫ ਇਕ ਮਜ਼ਾਕ ਦੱਸਦਿਆਂ ਕਿਹਾ ਕਿ ਵੱਧਦੀ ਮਹਿੰਗਾਈ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਲਈ ਡਰਾਈਵਰਾਂ ਦੀ ਤਨਖਾਹ ਵਿਚ ਵਾਧਾ ਬਹੁਤ ਜ਼ਰੂਰੀ ਹੈ। ਬੱਸਾਂ ਦੀ ਆਵਾਜਾਈ ਬੰਦ ਹੋਣ ਕਰਨ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। 
ਜ਼ਿਕਰਯੋਗ ਹੈ ਕਿ ਹੱਕੀ ਮੰਗਾਂ ਕਰ ਕੇ ਬੀਤੇ ਮੰਗਲਵਾਰ ਨੂੰ ਵੀ ਮੈਲਬੌਰਨ ਦੇ ਵੱਖ-ਵੱਖ ਖਿੱਤਿਆਂ 'ਚ ਹੜਤਾਲ ਕੀਤੀ ਗਈ ਸੀ ਪਰ ਕੋਈ ਸਿੱਟਾ ਨਾ ਨਿਕਲਣ ਦੇ ਬਾਵਜੂਦ ਇਹ ਹੜਤਾਲ ਸ਼ੁੱਕਰਵਾਰ ਨੂੰ ਮੁੜ ਕਰਨ ਦੀ ਯੋਜਨਾ ਬਣਾਈ ਗਈ ਸੀ। ਜੇਕਰ ਆਉਂਦੇ ਕੁਝ ਦਿਨਾਂ ਤਕ ਇਸ ਮਸਲੇ 'ਤੇ ਦੋਹਾਂ ਧਿਰਾਂ ਦੀ ਕੋਈ ਸਹਿਮਤੀ ਨਹੀਂ ਬਣਦੀ ਹੈ ਤਾਂ ਰੋਜ਼ ਸਫਰ ਕਰਨ ਵਾਲੇ ਯਾਤਰੀਆਂ ਦੀ ਪਰੇਸ਼ਾਨੀ ਵਿਚ ਹੋਰ ਵਾਧਾ ਹੋ ਸਕਦਾ ਹੈ।


Related News