ਕੈਮਰੂਨ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 60 ਹੋਈ

Monday, Dec 28, 2020 - 09:31 AM (IST)

ਯਾਓਂਡੇ- ਕੈਮਰੂਨ ਵਿਚ ਵਾਪਰੀ ਬੱਸ ਦੁਰਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 37 ਲੋਕਾਂ ਦੀ ਮੌਤ ਹੋਈ ਹੈ ਤੇ ਕਾਫੀ ਲੋਕ ਜ਼ਖ਼ਮੀ ਹਨ ਪਰ ਕੈਮਰੂਨ ਦੇ ਸਥਾਨਕ ਮੀਡੀਆ ਕੈਮਰ ਡਾਟ ਬੀ ਨਿਊਜ਼ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 60 ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੱਸ ਵਿਚ 70 ਲੋਕ ਸਵਾਰ ਸਨ। 

ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਬੱਸ ਯਾਓਂਡੇ ਵਲੋਂ ਜਾ ਰਹੀ ਸੀ ਪਰ ਨੇਮਾਲੇ ਪਿੰਡ ਕੋਲ ਹਾਦਸਾਗ੍ਰਸਤ ਹੋ ਗਈ। ਇਲਾਕੇ ਦੇ ਉੱਚ ਸਰਕਾਰੀ ਅਧਿਕਾਰੀ ਅਬਸਲਾਮ ਮੋਨੋਨੋ ਨੇ ਦੱਸਿਆ ਕਿ 70 ਸੀਟਾਂ ਵਾਲੀ ਬੱਸ ਸ਼ਨੀਵਾਰ-ਐਤਵਾਰ ਦਰਮਿਆਨੀ ਰਾਤ 2 ਵਜੇ ਸੜਕ 'ਤੇ ਆ ਰਹੀ ਲੋਕਾਂ ਦੀ ਭੀੜ ਨੂੰ ਬਚਾਉਣ ਦੇ ਚੱਕਰ ਵਿਚ ਟਰੱਕ ਵਿਚ ਜਾ ਵੱਜੀ। 

ਇਹ ਵੀ ਪੜ੍ਹੋ- 2020 'ਚ ਟਰੰਪ ਤੋਂ ਲੈ ਕੇ ਟਰੂਡੋ ਦੀ ਪਤਨੀ ਤੱਕ ਕਈ ਦਿੱਗਜਾਂ ਨੇ ਕੋਰੋਨਾ ਨੂੰ ਦਿੱਤੀ ਮਾਤ


ਉਨ੍ਹਾਂ ਕਿਹਾ ਕਿ ਬੱਸ ਵਿਚ ਸਵਾਰ ਜ਼ਿਆਦਾਤਰ ਯਾਤਰੀ ਜਾਂ ਤਾਂ ਨਵਾਂ ਸਾਲ ਮਨਾਉਣ ਲਈ ਆਪਣੇ ਪਰਿਵਾਰ ਨਾਲ ਜਾ ਰਹੇ ਸਨ ਜਾਂ ਕ੍ਰਿਸਮਸ ਮਨਾ ਕੇ ਵਾਪਸ ਪਰਤ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਈ ਕਾਰੋਬਾਰੀ ਸਨ ਜੋ ਨਵੇਂ ਸਾਲ ਦੇ ਤੋਹਫੇ ਪਹੁੰਚਾਉਣ ਜਾ ਰਹੇ ਸਨ। ਹਾਦਸੇ ਦੇ ਬਾਅਦ ਪਿੰਡ ਦੇ ਕਈ ਲੋਕ ਜ਼ਖ਼ਮੀਆਂ ਦੀ ਮਦਦ ਲਈ ਪੁੱਜੇ। ਬਚਾਅ ਕਰਮਚਾਰੀਆਂ ਨੇ ਲਾਸ਼ਾਂ ਬਾਹਰ ਕੱਢੀਆਂ ਤੇ ਕਈ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ। ਲੰਬੇ ਸਮੇਂ ਤੱਕ ਬੱਸ ਦਾ ਮਲਬਾ ਸਾਫ ਕੀਤਾ ਜਾ ਰਿਹਾ ਸੀ। 


Lalita Mam

Content Editor

Related News