ਯੂਰੋ ਜ਼ੋਨ ਦਾ 21ਵਾਂ ਮੈਂਬਰ ਬਣਿਆ ‘ਬੁਲਗਾਰੀਆ’
Friday, Jan 02, 2026 - 04:09 AM (IST)
ਸੋਫੀਆ (ਬੁਲਗਾਰੀਆ) - ਬੁਲਗਾਰੀਆ ਨੇ ਅਧਿਕਾਰਤ ਤੌਰ ’ਤੇ 2026 ਦੇ ਪਹਿਲੇ ਦਿਨ ਤੋਂ ਯੂਰੋ ਕਰੰਸੀ ਨੂੰ ਅਪਣਾ ਲਿਆ ਹੈ ਅਤੇ ਇਸ ਦੇ ਨਾਲ ਹੀ ਇਹ ਯੂਰੋ ਜ਼ੋਨ ਦਾ 21ਵਾਂ ਮੈਂਬਰ ਬਣ ਗਿਆ ਹੈ। ਯੂਰਪੀ ਸੰਘ ’ਚ ਸ਼ਾਮਲ ਹੋਣ ਦੇ ਠੀਕ 19 ਸਾਲਾਂ ਬਾਅਦ ਦੇਸ਼ ਨੇ ਇਹ ਕਰੰਸੀ ਅਪਣਾਈ ਹੈ।
ਜਨਵਰੀ ਦੇ ਅੰਤ ਤੱਕ ‘ਯੂਰੋ’ ਦੇ ਨਾਲ-ਨਾਲ (ਸਥਾਨਕ ਕਰੰਸੀ) ‘ਲੇਵ’ ਵੀ ਭੁਗਤਾਨ ਦੇ ਜਾਇਜ਼ ਸਾਧਨ ਬਣੇ ਰਹਿਣਗੇ। 1 ਫਰਵਰੀ ਤੋਂ ਯੂਰੋ ਇਕਮਾਤਰ ਅਧਿਕਾਰਤ ਕਰੰਸੀ ਬਣ ਜਾਵੇਗੀ। 8 ਅਗਸਤ 2026 ਤੱਕ ਕੀਮਤਾਂ ਯੂਰੋ ਅਤੇ ਲੇਵ ਦੋਵਾਂ ’ਚ ਦਰਸਾਈਆਂ ਜਾਂਦੀਆਂ ਰਹਿਣਗੀਆਂ। ਜਨਵਰੀ 2026 ਦੇ ਮਹੀਨੇ ’ਚ ਬੁਲਗਾਰੀਆ ’ਚ ਲੋਕ ਰਿਟੇਲ ਦੁਕਾਨਾਂ ’ਤੇ ਭੁਗਤਾਨ ਲਈ ਲੇਵ ਅਤੇ ਯੂਰੋ ਦੋਵਾਂ ਕਰੰਸੀਆਂ ਦੀ ਵਰਤੋਂ ਕਰ ਸਕਣਗੇ।
ਦੁਕਾਨਦਾਰਾਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਗਾਹਕਾਂ ਨੂੰ ਬਾਕੀ ਰਹਿੰਦੀ ਰਾਸ਼ੀ ਸਿਰਫ਼ ਇਕ ਹੀ ਕਰੰਸੀ (ਯੂਰੋ ’ਚ ਜਾਂ ਜੇ ਯੂਰੋ ਉਪਲਬਧ ਨਾ ਹੋਵੇ ਤਾਂ ਲੇਵ ’ਚ) ਵਿਚ ਵਾਪਸ ਕਰਨ। ਸਾਲ 2026 ’ਚ ਨਾਗਰਿਕ ਬੁਲਗਾਰੀਆਈ ਡਾਕ ਵਿਭਾਗ ਦੀਆਂ ਬ੍ਰਾਂਚਾਂ ’ਚ ਵੀ ਲੇਵ ਨੂੰ ਬਦਲ ਸਕਣਗੇ, ਜਦੋਂ ਕਿ ਬੁਲਗਾਰੀਆਈ ਨੈਸ਼ਨਲ ਬੈਂਕ ਲੇਵ ਨੂੰ ਯੂਰੋ ’ਚ ਮੁਫ਼ਤ ਬਦਲਣ ਦੀ ਸਹੂਲਤ ਦੇਵੇਗਾ।
