ਬਾਰਬੀ ਡੌਲ ਬਣਨ ਦੇ ਚੱਕਰ ''ਚ ਔਰਤ ਨੇ ਵਿਗਾੜਿਆ ਆਪਣਾ ਚਿਹਰਾ
Monday, Dec 23, 2019 - 05:56 PM (IST)

ਸੋਫੀਆ (ਬਿਊਰੋ): ਇਹ ਸੱਚਾਈ ਹੈ ਕਿ ਹਰੇਕ ਔਰਤ ਖੂਬਸੂਰਤ ਦਿੱਸਣਾ ਚਾਹੁੰਦੀ ਹੈ। ਕਈ ਵਾਰ ਔਰਤ ਇਸ ਇੱਛਾ ਕਾਰਨ ਆਪਣਾ ਚਿਹਰਾ ਖਰਾਬ ਕਰ ਬੈਠਦੀ ਹੈ। ਅਜਿਹਾ ਹੀ ਕੁਝ ਬੁਲਗੇਰੀਆ ਦੀ ਰਹਿਣ ਵਾਲੀ ਔਰਤ ਨੇ ਕੀਤਾ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਹਿਲਾ ਨੇ ਬਾਰਬੀ ਡੌਲ ਬਣਨ ਦੀ ਇੱਛਾ ਵਿਚ ਆਪਣੇ ਬੁੱਲ੍ਹਾਂ ਦਾ ਆਕਾਰ 4 ਗੁਣਾ ਵਧਾ ਲਿਆ। ਬੁਲਗੇਰੀਆ ਦੀ ਐਂਡਰੀਆ ਇਵਾਨੋਵਾ ਨੇ ਇਸ ਲਈ 17 ਐਸਿਡ ਲਿਪ ਟੀਕੇ ਲਗਵਾਏ ਭਾਵੇਂਕਿ ਉਹ ਹਾਲੇ ਵੀ ਆਪਣੇ ਬੁੱਲ੍ਹ ਹੋਰ ਵੱਡੇ ਕਰਨਾ ਚਾਹੁੰਦੀ ਹੈ। 22 ਸਾਲਾ ਐਂਡਰੀਆ ਦੁਨੀਆ ਵਿਚ ਸਭ ਤੋਂ ਵੱਡੇ ਬੁੱਲ੍ਹਾਂ ਵਾਲੀ ਮਹਿਲਾ ਹੋਣ ਦਾ ਰਿਕਾਰਡ ਆਪਣੇ ਨਾਮ ਕਰਨਾ ਚਾਹੁੰਦੀ ਹੈ। ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੈ।
ਐਂਡਰੀਆ ਨੇ ਪਿਛਲੇ ਸਾਲ ਆਪਣੇ ਟਰਾਂਸਫੋਰਮੇਸ਼ਨ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਸਤੰਬਰ ਮਹੀਨੇ ਵਿਚ ਐਂਡਰੀਆ ਨੇ 15 ਲਿਪ ਟੀਕੇ ਲਗਵਾਏ ਅਤੇ ਉਹ ਹਾਲੇ ਕਈ ਹੋਰ ਮੁਸ਼ਕਲ ਪ੍ਰਕਿਰਿਆਵਾਂ ਵਿਚੋਂ ਹੋ ਕੇ ਲੰਘੇਗੀ। ਪਿਛਲੇ 3 ਮਹੀਨੇ ਵਿਚ ਐਂਡਰੀਆ ਨੇ ਦੋ ਟ੍ਰੀਟਮੈਂਟ ਲਏ ਹਨ। ਐਂਡਰੀਆ ਸੋਫੀਆ ਯੂਨੀਵਰਸਿਟੀ ਵਿਚ ਜਰਮਨ ਫਿਲੋਲੋਜੀ ਦੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਇਹ ਵੀ ਯਾਦ ਨਹੀਂ ਕਿ ਉਸ ਨੇ ਬੀਤੇ ਕੁਝ ਸਾਲਾਂ ਵਿਚ ਟ੍ਰੀਟਮੈਂਟ 'ਤੇ ਕਿੰਨੇ ਪੈਸੇ ਖਰਚ ਕੀਤੇ ਹਨ।ਉਹ ਦੱਸਦੀ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਹੈ ਅਤੇ ਆਪਣੇ ਵੱਡੇ ਬੁੱਲ੍ਹਾਂ ਤੋਂ ਜ਼ਿਆਦਾ ਸੰਤੁਸ਼ਟ ਹੈ।
ਐਂਡਰੀਆ ਮੁਤਾਬਕ,''ਕੁਝ ਲੋਕ ਉਸ ਦੇ ਵੱਡੇ ਬੁੱਲ੍ਹਾਂ ਨੂੰ ਜਦਕਿ ਕੁਝ ਉਸ ਦੀ ਪਹਿਲਾਂ ਵਾਲੀ ਲੁਕ ਨੂੰ ਜ਼ਿਆਦਾ ਪਸੰਦ ਕਰਦੇ ਹਨ। ਭਾਵੇਂਕਿ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ।'' ਉਸ ਦਾ ਆਪਣਾ ਇੰਸਟਾਗ੍ਰਾਮ ਪੇਜ ਵੀ ਹੈ ਅਤੇ ਉੱਥੇ ਉਸ ਦੇ 15,000 ਫਾਲੋਅਰਜ਼ ਹਨ। ਐਂਡਰੀਆ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਸੈਲਫੀਜ਼ ਪੋਸਟ ਕਰਦੀ ਰਹਿੰਦੀ ਹੈ। ਐਂਡਰੀਆ ਨੇ ਦੱਸਿਆ ਕਿ ਉਹ ਬੁਲਗੇਰੀਆ ਦੇ ਸਾਰੇ ਕਲੀਨਿਕਸ ਦਾ ਚੱਕਰ ਲਗਾ ਚੁੱਕੀ ਹੈ।ਉਹ ਲਗਭਗ ਸਾਰੇ ਲਿਪ ਫਿਲਟਰਸ ਆਪਣੇ ਬੁੱਲ੍ਹਾਂ 'ਤੇ ਅਜਮਾ ਚੁੱਕੀ ਹੈ।
ਐਂਡਰੀਆ ਮੁਤਾਬਕ ਉਹ ਖੁੱਲ੍ਹੇ ਵਿਚਾਰਾਂ ਵਾਲੀ ਕੁੜੀ ਹੈ ਅਤੇ ਹਰੇਕ ਨੂੰ ਉਹ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਉਸ ਦੇ ਬੁੱਲ੍ਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ। ਐਂਡਰੀਆ ਮੁਤਾਬਕ ਉਸ ਲਈ ਕੋਈ ਤੈਅ ਸੀਮਾ ਨਹੀ ਹੈ। ਉਹ ਉਹੀ ਕੰਮ ਕਰੇਗੀ ਜੋ ਉਸ ਨੂੰ ਚੰਗਾ ਲੱਗੇਗਾ। ਉਸ ਨੇ ਦੱਸਿਆ ਕਿ ਦੁਨੀਆ ਦੇ ਹਰ ਹਿੱਸੇ ਤੋਂ ਉਸ ਦੇ ਬੁੱਲ੍ਹਾਂ ਨੂੰ ਲੈਕੇ ਹਜ਼ਾਰਾਂ ਮੈਸੇਜ ਆਉਂਦੇ ਹਨ। ਇਹਨਾਂ ਵਿਚੋਂ ਕੁਝ ਨਕਰਤਾਮਕ ਕੁਮੈਂਟਸ ਵੀ ਹੁੰਦੇ ਹਨ ਪਰ ਉਸ 'ਤੇ ਕਿਸੇ ਦੀ ਰਾਏ ਦਾ ਕੋਈ ਅਸਰ ਨਹੀਂ ਪੈਂਦਾ।