ਫਰਾਂਸ: ਧਮਾਕੇ ਤੋਂ ਬਾਅਦ 3 ਮੰਜ਼ਿਲਾ ਇਮਾਰਤ ਡਿੱਗੀ, ਸੁਰੱਖਿਅਤ ਬਚਾਇਆ ਗਿਆ 18 ਮਹੀਨੇ ਦਾ ਬੱਚਾ
Tuesday, Dec 07, 2021 - 05:04 PM (IST)
ਪੈਰਿਸ (ਭਾਸ਼ਾ)- ਦੱਖਣੀ ਫਰਾਂਸ ਦੇ ਭੂ-ਮੱਧ ਸਾਗਰ ਤੱਟ ਉੱਤੇ ਇਕ ਸ਼ੱਕੀ ਗੈਸ ਧਮਾਕੇ ਕਾਰਨ ਢਹਿ-ਢੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦੇ ਮਲਬੇ ਵਿਚੋਂ ਇਕ ਬੱਚੇ ਅਤੇ ਉਸ ਦੀ ਮਾਂ ਨੂੰ ਬਚਾਇਆ ਗਿਆ। ਬਚਾਅ ਕਰਮਚਾਰੀ 3 ਹੋਰ ਲੋਕਾਂ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਫਾਇਰ ਫਾਈਟਰਜ਼ ਦੀ ਕੈਪਟਨ ਔਰੇਲੀਆ ਮੈਨੇਓਨੀ ਨੇ ਦੱਸਿਆ ਕਿ ਖੋਜੀ ਕੁੱਤਿਆਂ ਨੇ 18 ਮਹੀਨੇ ਦੇ ਬੱਚੇ ਦਾ ਪਤਾ ਲਗਾਇਆ ਅਤੇ ਬਚਾਅ ਕਰਮੀਆਂ ਨੇ ਉਸ ਨੂੰ ਮਲਬੇ ਵਿਚੋਂ ਬਾਹਰ ਕੱਢ ਲਿਆ। ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬੱਚੇ ਦੀ ਮਾਂ ਨੂੰ ਵੀ ਬਚਾਇਆ ਗਿਆ ਪਰ 3 ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ।
ਦੱਖਣੀ ਵਾਰ ਸੂਬੇ ਦੇ ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ ਦੇ ਮਲਬੇ ਤੋਂ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਕੱਢਿਆ ਗਿਆ ਅਤੇ ਤਿੰਨ ਹੋਰਾਂ ਨੂੰ ਵੀ ਐਮਰਜੈਂਸੀ ਡਾਕਟਰੀ ਇਲਾਜ ਦੀ ਲੋੜ ਹੈ। ਮੰਗਲਵਾਰ ਤੜਕੇ ਤੱਟਵਰਤੀ ਸ਼ਹਿਰ ਸਨਾਰੀ-ਸੁਰ-ਮੇਰ ਵਿਚ ਇਕ ਧਮਾਕੇ ਤੋਂ ਬਾਅਦ ਇਮਾਰਤ ਢਹਿ-ਢੇਰੀ ਹੋ ਗਈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ 'ਤੇ ਕਿਸੇ ਗੈਸ ਦੀ ਬਦਬੂ ਮਹਿਸੂਸ ਕੀਤੀ ਗਈ ਸੀ।