ਬਕਿੰਘਮ ਪੈਲੇਸ ਨੇ ਨਸਲਵਾਦ ਦੇ ਦੋਸ਼ਾਂ ਦਰਮਿਆਨ ਜਾਰੀ ਕੀਤੇ ਕਰਮਚਾਰੀਆਂ ਦੇ ਅੰਕੜੇ
Thursday, Jun 24, 2021 - 01:26 PM (IST)
ਇੰਟਰਨੈਸ਼ਨਲ ਡੈਸਕ : ਬਕਿੰਘਮ ਪੈਲੇਸ ਨੇ ਸ਼ਾਹੀ ਪਰਿਵਾਰ ’ਚ ਨਸਲਵਾਦ ਦੇ ‘ਡਿਊਕ’ ਅਤੇ ‘ਡਚੇਸ ਆਫ ਸਸੈਕਸ’ ਦੇ ਦੋਸ਼ਾਂ ਤੋਂ ਬਾਅਦ ਜਾਤੀ ਘੱਟਗਿਣਤੀ ਭਾਈਚਾਰਿਆਂ ਤੋਂ ਆਉਣ ਵਾਲੇ ਆਪਣੇ ਕਰਮਚਾਰੀਆਂ ਦੇ ਅੰਕੜੇ ਪਹਿਲੀ ਵਾਰ ਜਾਰੀ ਕੀਤੇ ਹਨ। ਰਾਇਲ ਹਾਊਸਹੋਲਡ ਨੇ ਵੀਰਵਾਰ ਕਿਹਾ ਕਿ ਉਸ ਦੇ 8.5 ਫੀਸਦੀ ਕਰਮਚਾਰੀ ਜਾਤੀ ਘੱਟਗਿਣਤੀ ਭਾਈਚਾਰੇ ਤੋਂ ਆਉਂਦੇ ਹਨ ਅਤੇ ਅਗਲੇ ਸਾਲ ਤੱਕ ਇਸ ਗਿਣਤੀ ਨੂੰ ਵਧਾ ਕੇ 10 ਫੀਸਦੀ ਕਰਨ ਦਾ ਟੀਚਾ ਹੈ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਬ੍ਰਿਟੇਨ ਦੀ ਆਬਾਦੀ ਦਾ ਲੱਗਭਗ 13 ਫੀਸਦੀ ਲੋਕ ਜਾਤੀ ਘੱਟਗਿਣਤੀ ਹਨ। ਰਾਜਘਰਾਣੇ ਦੀ ਵਿੱਤ ਬਾਰੇ ਸਾਲਾਨਾ ਰਿਪੋਰਟ ’ਚ ਕਰਮਚਾਰੀਆਂ ਦੇ ਇਹ ਅੰਕੜੇ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ‘ਮੇਡ ਇਨ ਚਾਈਨਾ’ ਵੈਕਸੀਨ ’ਤੇ ਉੱਠੇ ਸਵਾਲ, ਜਿਹੜੇ ਦੇਸ਼ਾਂ ’ਚ ਲੱਗੀ, ਤੇਜ਼ੀ ਨਾਲ ਫੈਲ ਰਿਹੈ ਕੋਰੋਨਾ
ਰਾਜਮਹੱਲ ਦੇ ਇਕ ਖਾਸ ਸੂਤਰ ਨੇ ਕਿਹਾ ਕਿ ਇਹ ਅੰਕੜੇ ਜਾਰੀ ਕਰਨਾ ਵਧੇਰੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਜੇ ਵਿਭਿੰਨਤਾ ਦੇ ਟੀਚਿਆਂ ਨੂੰ ਪ੍ਰਾਪਤ ਨਹੀਂ ਕੀਤਾ ਗਿਆ ਤਾਂ ਇਸ ਨੂੰ ‘ਓਹਲੇ ਕਰਨ ਲਈ ਕੋਈ ਜਗ੍ਹਾ ਨਹੀਂ’ ਹੋਵੇਗੀ। ਜ਼ਿਕਰਯੋਗ ਹੈ ਕਿ ਪ੍ਰਿੰਸ ਹੈਰੀ ਤੇ ਮੇਘਨ ਨੇ ਓਪਰਾ ਵਿਨਫ੍ਰੇ ਨੂੰ ਮਾਰਚ ’ਚ ਦਿੱਤੀ ਇੱਕ ਇੰਟਰਵਿਊ ਦੌਰਾਨ ਸ਼ਾਹੀ ਪਰਿਵਾਰ ’ਚ ਨਸਲਵਾਦ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਬਕਿੰਘਮ ਪੈਲੇਸ ਨੇ ਆਲੋਚਨਾ ’ਤੇ ਚੁੱਪੀ ਧਾਰ ਲਈ ਸੀ। ਸ਼ਾਹੀ ਕਰਤੱਵਾਂ ਨੂੰ ਛੱਡਣ ਅਤੇ ਕੈਲੀਫੋਰਨੀਆ ਵਿਚ ਸੈਟਲ ਹੋਣ ਤੋਂ ਬਾਅਦ ਇਸ ਜੋੜੇ ਦੀ ਇਹ ਸਭ ਤੋਂ ਮਹੱਤਵਪੂਰਨ ਇੰਟਰਵਿਊ ਸੀ। ਮਿਸ਼ਰਿਤ ਜਾਤੀ ਨਾਲ ਸਬੰਧਤ ਮੇਘਨ ਨੇ ਕਿਹਾ ਸੀ ਕਿ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਨੇ ਉਸ ਸਮੇਂ ਆਪਣੀ ਬੱਚੇ ਦੀ ਚਮੜੀ ਦੇ ਰੰਗ ਬਾਰੇ ‘ਚਿੰਤਾ’ ਜ਼ਾਹਿਰ ਕੀਤੀ ਸੀ, ਜਦੋਂ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਸੀ।
ਇਹ ਵੀ ਪੜ੍ਹੋ : ਇਟਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਇਨ੍ਹਾਂ ਦੇਸ਼ਾਂ ਦੇ ਸੈਲਾਨੀਆਂ ਲਈ ਖੋਲ੍ਹੇ ਬੂਹੇ
ਜੋੜੇ ਨੇ ਇਹ ਵੀ ਦੋਸ਼ ਲਾਇਆ ਕਿ ਸ਼ਾਹੀ ਪਰਿਵਾਰ ਦੇ ਮੈਂਬਰ ਵਜੋਂ ਮੇਘਨ ਨਾਲ ਸੰਵੇਦਨਹੀਣ ਵਤੀਰਾ ਕੀਤਾ ਗਿਆ ਸੀ। ਰਾਜਮਹਿਲ ਨੇ ਉਸ ਸਮੇਂ ਕਿਹਾ ਸੀ ਕਿ ਨਸਲ ਬਾਰੇ ਦੋਸ਼ ‘ਖ਼ਾਸ ਕਰਕੇ ਚਿੰਤਾਜਨਕ’ ਹਨ ਅਤੇ "ਪਰਿਵਾਰ ਇਸ ਨਾਲ ਨਿੱਜੀ ਤੌਰ ’ਤੇ ਨਿਪਟੇਗਾ।’’ ਹੈਰੀ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ਨੂੰ ਉਸ ਸਮੇਂ ਦੋਸ਼ਾਂ ਦਾ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ ਸੀ, ਜਦੋਂ ਪੱਤਰਕਾਰਾਂ ਨੇ ਪੂਰਬੀ ਲੰਡਨ ਵਿਚ ਇਕ ਸਕੂਲ ਦੇ ਦੌਰੇ ਦੌਰਾਨ ਚੀਕ-ਚੀਕ ਕੇ ਇਸ ਸਬੰਧੀ ਜਵਾਬ ਮੰਗੇ। ਵਿਲੀਅਮ ਨੇ ਕਿਹਾ ਸੀ ਕਿ ਸਾਡਾ ਪਰਿਵਾਰ ਨਸਲਵਾਦੀ ਨਹੀਂ ਹੈ। ਮਹਿਲ ’ਚ ਰੁਜ਼ਗਾਰ ਦੇ ਅੰਕੜੇ ਵੀ ਨਸਲੀ ਘੱਟਗਿਣਤੀਆਂ ਦੇ ਅੰਕੜਿਆਂ ਦੇ ਨਾਲ ਜਾਰੀ ਕੀਤੇ ਗਏ ਸਨ।