ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦਾ ਦੋਸ਼, ਕਿਹਾ- ਪੈਸਿਆਂ ਲਈ ਵਿਦੇਸ਼ਾਂ ਦੇ ਗੁਰਦੁਆਰਿਆਂ ’ਤੇ ਕਬਜ਼ਾ ਚਾਹੁੰਦੈ ਗੁਰਪਤਵੰਤ ਪੰਨੂ

Wednesday, Dec 01, 2021 - 10:38 AM (IST)

ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦਾ ਦੋਸ਼, ਕਿਹਾ- ਪੈਸਿਆਂ ਲਈ ਵਿਦੇਸ਼ਾਂ ਦੇ ਗੁਰਦੁਆਰਿਆਂ ’ਤੇ ਕਬਜ਼ਾ ਚਾਹੁੰਦੈ ਗੁਰਪਤਵੰਤ ਪੰਨੂ

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)– ਪ੍ਰਮੁੱਖ ਬ੍ਰਿਟਿਸ਼-ਭਾਰਤੀ ਰਾਜਨੇਤਾ, ਸੱਤਾਧਾਰੀ ਟੋਰੀ ਪਾਰਟੀ ਦੇ ਨੇਤਾ ਤੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਲਾਰਡ ਰਾਮੀ ਰੇਂਜਰ ਨੇ ਵੱਖਵਾਦੀ ਸਮੂਹ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਅਤੇ ਗੁਰਪਤਵੰਤ ਸਿੰਘ ਪੰਨੂ ਦੇ ਫੰਡਿੰਗ ਦੇ ਸੋਮਿਆਂ ’ਤੇ ਸਵਾਲ ਕੀਤਾ ਹੈ। ਲਾਰਡ ਰਾਮੀ ਰੇਂਜਰ ਅਨੁਸਾਰ ਐੱਸ. ਐੱਫ. ਜੇ. ਵਿਚ ਪੰਨੂ ਤੇ ਹੋਰ ਲੋਕ ਸਿੱਖ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਕਿਉਂਕਿ ਉਹ ਪੱਛਮ ਵਿਚ ਗੁਰਦੁਆਰਿਆਂ ਤੋਂ ਚੰਦਾ ਲੈਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਕਿ ਪੰਜਾਬ ਵਿਚ ਅੱਤਿਆਚਾਰ ਹੋ ਰਹੇ ਹਨ ਅਤੇ ਸਿੱਖਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਇਹ ਸਭ ਬਕਵਾਸ ਹੈ ਤਾਂ ਜੋ ਗੁਰਦੁਆਰਿਆਂ ’ਚ ਆਉਣ ਵਾਲੇ ਪੈਸੇ ’ਤੇ ਕਬਜ਼ਾ ਕੀਤਾ ਜਾ ਸਕੇ। ਪੰਜਾਬ ਵਿਚ ਅਜਿਹਾ ਕੁਝ ਨਹੀਂ ਹੋ ਰਿਹਾ। ਲਾਰਡ ਰੇਂਜਰ ਨੇ ਕਿਹਾ ਕਿ ਪੰਜਾਬ ਵਿਚ ਸਿੱਖਾਂ ਨੂੰ ਖਾਲਿਸਤਾਨ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਪੰਨੂ ਤੇ ਹੋਰ ਖਾਲਿਸਤਾਨੀ ਸਮੂਹਾਂ ਨੇ ਦੂਜੇ ਦੇਸ਼ਾਂ ਵਿਚ ਭਾਰਤ ਸਰਕਾਰ ਲਈ ਪਰੇਸ਼ਾਨੀ ਪੈਦਾ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ WHO ਨੇ ਜਾਰੀ ਕੀਤੀ ‘ਹਾਈ ਰਿਸਕ’ ਦੀ ਚਿਤਾਵਨੀ

ਜਨਮਤ ਸੰਗ੍ਰਹਿ ’ਚ ਕਈ ਸਿੱਖਾਂ ਨੇ ਕੀਤੀ ਅੰਸ਼ਕ ਵੋਟਿੰਗ
ਲਾਰਡ ਰੇਂਜਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਨੂ ਨੂੰ ਅੱਤਵਾਦੀ ਐਲਾਨਿਆ ਗਿਆ ਹੈ ਅਤੇ ਉਸ ਦੇ ਖਿਲਾਫ ਰਾਜਧ੍ਰੋਹ ਦੇ ਮਾਮਲੇ ਦਰਜ ਹਨ। ਭਾਰਤ ਦੇ ਸਿੱਖਾਂ ਲਈ ਖਾਲਿਸਤਾਨ ਦੀ ਸਥਾਪਨਾ ਦੀ ਜਨਮਤ ਸੰਗ੍ਰਹਿ ਮੁਹਿੰਮ ਨੇ ਯੂਨਾਈਟਿਡ ਕਿੰਗਡਮ ਤੇ ਹੋਰ ਥਾਵਾਂ ’ਤੇ ਸਿੱਖ ਭਾਈਚਾਰੇ ਅੰਦਰ ਵੰਡ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣੇ ਜਿਹੇ ਬ੍ਰਿਟੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋ ਰਹੇ ਜਨਮਤ ਸੰਗ੍ਰਹਿ ਵਿਚ ਕਈ ਸਿੱਖਾਂ ਨੇ ਅੰਸ਼ਕ ਤੌਰ ’ਤੇ ਇਕ ਵੱਖਰੇ ਦੇਸ਼ ਲਈ ਵੋਟਿੰਗ ਕੀਤੀ ਹੈ। ਜਨਮਤ ਸੰਗ੍ਰਹਿ ਦਾ ਆਯੋਜਨ ‘ਸਿੱਖਸ ਫਾਰ ਜਸਟਿਸ’ ਵੱਲੋਂ ਕੀਤਾ ਜਾਂਦਾ ਹੈ, ਜੋ ਅਮਰੀਕਾ ’ਚ ਸਥਿਤ ਵੱਖਵਾਦੀ ਸਮੂਹ ਹੈ ਅਤੇ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰਨ ਦੀ ਮੰਗ ਕਰਦਾ ਹੈ। ਇਸ ਦੀ ਅਗਵਾਈ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਕਰਦਾ ਹੈ , ਜੋ 2007 ਤੋਂ ਐੱਸ. ਐੱਫ. ਜੇ. ਸੰਗਠਨ ਚਲਾ ਰਿਹਾ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਫੋਟੋਸ਼ੂਟ ਕਰਾਉਣ ਵਾਲੀ ਪਾਕਿਸਤਾਨੀ ਮਾਡਲ ਨੇ ਮੰਗੀ ਮਾਫ਼ੀ

ਵਿਦੇਸ਼ਾਂ ਦੇ 99.9 ਫੀਸਦੀ ਸਿੱਖ ਨਹੀਂ ਚਾਹੁੰਦੇ ਖਾਲਿਸਤਾਨ
ਪਾਕਿਸਤਾਨੀ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਲਾਰਡ ਰਾਮੀ ਰੇਂਜਰ ਨੇ ਉਨ੍ਹਾਂ ਵੱਖਵਾਦੀ ਸਮੂਹਾਂ ਦੀ ਆਲੋਚਨਾ ਕੀਤੀ, ਜੋ ਭਾਰਤ ਦੀ ਵੰਡ ਕਰਨਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਕੋਈ ਵੀ ਜਨਮਤ ਸੰਗ੍ਰਹਿ ਜੋ ਭਾਰਤ ਦੇ ਬਾਹਰ ਹੈ, ਸਿਰਫ ਭਾਰਤ ਸਰਕਾਰ ਨੂੰ ਸ਼ਰਮਿੰਦਾ ਕਰਨ ਲਈ ਕੀਤਾ ਜਾਂਦਾ ਹੈ। ਭਾਰਤ ਹੁਣ ਪਹਿਲਾਂ ਵਰਗਾ ਖਿਲਰਿਆ ਦੇਸ਼ ਨਹੀਂ ਰਿਹਾ। ਇਹ ਹੁਣ ਇਕ ਅਖੰਡ ਦੇਸ਼ ਹੈ, ਇਕ ਬਹੁਤ ਸ਼ਕਤੀਸ਼ਾਲੀ ਦੇਸ਼ ਜੋ ਇਕ ਇੰਚ ਵੀ ਜ਼ਮੀਨ ਨਹੀਂ ਦੇਵੇਗਾ। ਲਾਰਡ ਰਾਮੀ ਰੇਂਜਰ ਨੇ ਕਿਹਾ ਕਿ 99.9 ਫੀਸਦੀ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਕੈਨੇਡਾ ਤੇ ਹੋਰ ਥਾਵਾਂ ’ਤੇ ਖਾਲਿਸਤਾਨ ਲਈ ਪ੍ਰਚਾਰ ਕਰ ਰਹੇ ਹਨ, ਉਹ ਅਸੰਤੁਸ਼ਟ ਸਿੱਖ ਹਨ। ਉਹ ਸ੍ਰੀ ਹਰਿਮੰਦਰ ਸਾਹਿਬ ’ਤੇ 1984 ਦੇ ਹਮਲੇ ਤੋਂ ਬਾਅਦ ਸਰਗਰਮ ਹੋ ਗਏ ਸਨ। ਉਹ ਕਹਿੰਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਾਂਗਰਸ ਸਰਕਾਰ ਵਲੋਂ ਕਰਵਾਇਆ ਗਿਆ ਸੀ। ਇਸ ਲਈ ਤੁਸੀਂ ਸਰਕਾਰ ਨਾਲ ਮਤਭੇਦ ਕਰ ਸਕਦੇ ਹੋ ਪਰ ਦੇਸ਼ ਨਾਲ ਤੁਹਾਡਾ ਮਤਭੇਦ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਰਾਜਨਬੀਰ ਸਿੰਘ ਦੀ ਸੜਕ ਹਾਦਸੇ 'ਚ ਮੌਤ

ਜਨਮਤ ਸੰਗ੍ਰਹਿ ਸਿਰਫ ਇਕ ਨਾਟਕ
ਲਾਰਡ ਰੇਂਜਰ ਨੇ ਕਿਹਾ ਕਿ ਖਾਲਿਸਤਾਨ ਅੰਦੋਲਨ ਤੋਂ ਪਹਿਲਾਂ 20 ਫੀਸਦੀ ਸਿੱਖ ਭਾਰਤੀ ਫੌਜ ਵਿਚ ਸਨ। ਇਨ੍ਹਾਂ ਦੀ ਆਬਾਦੀ 2 ਫੀਸਦੀ ਨਾਲੋਂ ਵੀ ਘੱਟ ਹੈ। ਖਾਲਿਸਤਾਨ ਜਨਮਤ ਸੰਗ੍ਰਹਿ ਸਿਰਫ ਇਕ ਨਾਟਕ ਸੀ ਅਤੇ ਇਸ ਦੇ ਨੇਤਾ ਆਪਣੇ ਬਣੇ ਸਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਐੱਸ. ਐੱਫ. ਜੇ. ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਭਾਰਤ ਸਰਕਾਰ ਨੇ ਵੀ ਬ੍ਰਿਟਿਸ਼ ਸਰਕਾਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ ਹੈ। ਇਹ ਵੀ ਯਕੀਨੀ ਨਹੀਂ ਕਿ 30,000 ਲੋਕਾਂ ਨੇ ਵੋਟਿੰਗ ਕੀਤੀ। ਉਹ 3,000 ਜਾਂ 3,00,000 ਕਹਿ ਸਕਦੇ ਹਨ ਪਰ ਭਾਰਤ ਜਾਂ ਬ੍ਰਿਟੇਨ ਜਾਂ ਸਿੱਖਾਂ ਲਈ ਇਸ ਦੀ ਕੋਈ ਕੀਮਤ ਨਹੀਂ। ਉਹ ਸਿਰਫ ਲੋਕਾਂ ਨੂੰ ਆਪਣੀ ਦੁਕਾਨ ਚਲਾਉਣ ਲਈ ਉਕਸਾਉਣਾ ਚਾਹੁੰਦੇ ਹਨ। ਰੇਂਜਰ ਕਹਿੰਦੇ ਹਨ ਕਿ ਕੋਈ ਸ਼ਕਤੀਸ਼ਾਲੀ ਏਜੰਸੀ ਇਸ ਪੈਸੇ ਦਾ ਭੁਗਤਾਨ ਕਰ ਰਹੀ ਹੋਵੇਗੀ। ਪੰਨੂ ਬਹੁਤ ਗਰੀਬ ਸੀ ਪਰ ਹੁਣ ਉਸ ਨੇ ਉੱਥੇ 10 ਲੱਖ ਪਾਊਂਡ ’ਚ ਇਕ ਘਰ ਖਰੀਦ ਲਿਆ ਹੈ। ਇਸ ਤੋਂ ਪਹਿਲਾਂ ਉਸ ਦੇ ਨਾਂ ’ਤੇ ਕੁਝ ਵੀ ਨਹੀਂ ਸੀ। ਉਹ ਪਹਿਲਾਂ ਦਲਿੱਦਰ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News