ਬ੍ਰਿਟਿਸ਼ PM ਜਾਨਸਨ ਨੇ ਬ੍ਰੈਗਜ਼ਿਟ ''ਚ ਦੇਰੀ ਲਈ ਮੰਗੀ ਮੁਆਫੀ
Sunday, Nov 03, 2019 - 11:38 PM (IST)

ਲੰਡਨ - ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 31 ਅਕਤੂਬਰ ਤੱਕ ਯੂਰਪੀ ਸੰਘ ਤੋਂ ਵੱਖ ਨਾ ਹੋਣ ਪਾਉਣ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਆਖਿਆ ਕਿ ਉਹ ਇਸ ਦੇਰੀ ਤੋਂ ਬਹੁਤ ਨਿਰਾਸ਼ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਿੱਪਣੀ ਨੂੰ ਲੈ ਕੇ ਉਨ੍ਹਾਂ ਦੀ ਨਿੰਦਾ ਕਰਨ ਤੋਂ ਪਹਿਲਾਂ ਜਾਨਸਨ ਨੇ ਸਕਾਈ ਨਿਊਜ਼ ਨੂੰ ਆਖਿਆ ਕਿ ਇਹ ਮਾਮਲਾ ਬਹੁਤ ਖੇਦਜਨਕ ਹੈ। ਟਰੰਪ ਨੇ ਆਖਿਆ ਸੀ ਕਿ ਜਾਨਸਨ ਅਤੇ ਯੂਰਪੀ ਸੰਘ ਵਿਚਾਲੇ ਬ੍ਰੈਗਜ਼ਿਟ ਮਸੌਦੇ 'ਤੇ ਬਣੀ ਸਹਿਮਤੀ ਭਵਿੱਖ 'ਚ ਬ੍ਰਿਟੇਨ-ਅਮਰੀਕਾ ਵਪਾਰ ਸਮਝੌਤੇ 'ਚ ਵਿਘਨ ਪਾਵੇਗੀ।
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਆਖਿਆ ਕਿ ਮੈਂ ਰਾਸ਼ਟਰਪਤੀ ਟਰੰਪ ਦੇ ਬਾਰੇ 'ਚ ਕੋਈ ਰਾਏ ਨਹੀਂ ਦੱਸਣਾ ਚਾਹੁੰਦਾ ਪਰ ਇਸ ਸਬੰਧ 'ਚ ਉਹ ਗਲਤ ਹਨ। ਜੋ ਕੋਈ ਵੀ ਸਾਡੇ ਕਰਾਰ ਨੂੰ ਦੇਖੇਗਾ, ਉਹ ਕਹੇਗਾ ਕਿ ਇਹ ਬਹੁਤ ਵਧੀਆ ਸਮਝੌਤਾ ਹੈ। ਇਸ ਨਾਲ ਕਾਰੋਬਾਰ 'ਤੇ ਸਾਡਾ ਪੂਰਾ ਕੰਟਰੋਲ ਹੋਵੇਗਾ। ਜਾਨਸਨ ਨੇ ਸੰਕਲਪ ਲਿਆ ਸੀ ਕਿ ਉਹ ਬ੍ਰੈਗਜ਼ਿਟ 'ਚ ਇਕ ਹੋਰ ਦੇਰੀ ਕਰਨ ਦੀ ਬਜਾਏ ਕੁਰਬਾਨ ਹੋਣਾ ਪਸੰਦ ਕਰਨਗੇ। ਜਨਮਤ ਸੰਗ੍ਰਹਿ ਤੋਂ ਬਾਅਦ 2016 'ਚ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਜਾਨਸਨ ਨੇ ਐਤਵਾਰ ਨੂੰ ਆਖਿਆ ਕਿ 31 ਅਕਤੂਬਰ ਤੱਕ ਦੀ ਸਮੇਂ ਸੀਮਾ 'ਚ ਯੂਰਪੀ ਸੰਘ ਤੋਂ ਵੱਖ ਨਾ ਹੋ ਪਾਉਣਾ ਬ੍ਰਿਟੇਨ ਦੀ ਅਸਫਲਤਾ ਹੈ। ਇਸ ਦੇ ਲਈ ਉਨ੍ਹਾਂ ਨੇ ਮੁਆਫੀ ਮੰਗੀ ਅਤੇ ਆਖਿਆ ਕਿ ਸਮੇਂ ਸੀਮਾ 'ਚ ਯੂਰਪੀ ਸੰਘ ਤੋਂ ਵੱਖ ਨਾ ਹੋ ਪਾਉਣ ਨਾਲ ਉਹ ਨਿਰਾਸ਼ ਹਨ।