ਬ੍ਰੈਗਜ਼ਿਟ ਡੀਲ ''ਤੇ ਬ੍ਰਿਟਿਸ਼ ਸੰਸਦ ''ਚ 11 ਦਸੰਬਰ ਨੂੰ ਹੋਵੇਗੀ ਵੋਟਿੰਗ : ਥੈਰੇਸਾ ਮੇਅ
Tuesday, Nov 27, 2018 - 01:24 AM (IST)
ਲੰਡਨ — ਯੂਰਪੀ ਸੰਘ ਦੇ ਮੈਂਬਰਾਂ ਵੱਲੋਂ ਇਤਿਹਾਸਕ ਬ੍ਰੈਗਜ਼ਿਟ ਸਮਝੌਤੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਸ 'ਤੇ ਹੋਣ ਵਾਲੀ ਵੋਟਿੰਗ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਦੱਸਿਆ ਹੈ ਕਿ ਬ੍ਰੈਗਜ਼ਿਟ ਡੀਲ 'ਤੇ ਬ੍ਰਿਟਿਸ਼ ਸੰਸਦ 'ਚ 11 ਦਸੰਬਰ ਨੂੰ ਵੋਟਿੰਗ ਹੋਵੇਗੀ।
ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਐਤਵਾਰ ਨੂੰ ਬ੍ਰੈਗਜ਼ਿਟ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਸੀ, ਜੋ 28 ਮੈਂਬਰਾਂ ਵਾਲੇ ਆਰਥਿਕ ਸਮੂਹ ਤੋਂ ਬ੍ਰਿਟੇਨ ਦੇ ਵੱਖ ਹੋਣ ਦਾ ਆਧਾਰ ਹੋਵੇਗਾ। ਹੁਣ ਇਸ ਸਮਝੌਤੇ ਨੂੰ ਬ੍ਰਿਟਿਸ਼ ਸੰਸਦ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਲਾਗੂ ਕੀਤਾ ਜਾ ਸਕੇਗਾ।
ਹੁਣ ਮੇਅ ਨੂੰ ਆਖਰੀ ਅਤੇ ਸਭ ਤੋਂ ਵੱਡੀ ਅੜਚਣ ਪਾਰ ਕਰਨ ਦੀ ਚੁਣੌਤੀ ਹੈ। ਉਨ੍ਹਾਂ ਨੂੰ ਬ੍ਰਿਟਿਸ਼ ਸੰਸਦ 'ਚ ਇਸ ਸਮਝੌਤੇ ਨੂੰ ਮਨਜ਼ੂਰੀ ਦਿਵਾਉਣੀ ਹੋਵੇਗੀ, ਜਿਥੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਕਾਫੀ ਸੰਸਦੀ ਮੈਂਬਰ ਇਸ ਦਾ ਹੁਣ ਵੀ ਜ਼ੋਰਦਾਰ ਵਿਰੋਧ ਕਰ ਰਹੇ ਹਨ। ਜਦੋਂ ਸਪੇਨ ਨੇ ਜ਼ਿਬ੍ਰਾਲਟਰ 'ਤੇ ਆਪਣੀਆਂ ਚਿੰਤਾਵਾਂ ਨੂੰ ਆਖਰੀ ਪਲ 'ਚ ਵਾਪਸ ਲੈ ਲਿਆ, ਉਦੋਂ ਹੀ ਟਸਕ ਨੇ ਸ਼ਨੀਵਾਰ ਨੂੰ ਸੰਕੇਤ ਦੇ ਦਿੱਤਾ ਸੀ ਕਿ ਸਮਝੌਤਾ ਮਨਜ਼ੂਰ ਹੋ ਜਾਵੇਗਾ। ਜ਼ਿਬ੍ਰਾਲਟਰ ਸਪੇਨਿਸ਼ ਤੱਟ 'ਤੇ ਬ੍ਰਿਟੇਨ ਦਾ ਸਮੁੰਦਰ ਪਾਰ ਖੇਤਰ (ਓਵਰਸੀਜ ਟੈਰਿਟਰੀ) ਹੈ।