'ਜਲ੍ਹਿਆਂਵਾਲਾ ਕਾਂਡ' 'ਤੇ ਮੁਆਫੀ ਮੰਗੇ ਬਰਤਾਨਵੀ ਸਰਕਾਰ : ਐੱਮ.ਪੀ. ਵਰਿੰਦਰ ਸ਼ਰਮਾ

10/21/2017 3:16:22 PM

ਲੰਡਨ,(ਬਿਊਰੋ)— ਇੰਗਲੈਂਡ 'ਚ ਸਾਊਥਾਲ ਈਲਿੰਗ ਤੋਂ ਲੇਬਰ ਪਾਰਟੀ ਦੇ ਐੱਮ.ਪੀ. ਵਰਿੰਦਰ ਸ਼ਰਮਾ ਨੇ ਸੰਸਦ 'ਚ 'ਅਰਲੀ ਡੇਅ ਮੋਸ਼ਨ' ਰਾਹੀਂ ਮਤਾ ਨੰਬਰ 413 'ਜਲ੍ਹਿਆਂਵਾਲਾ ਬਾਗ ਹੱਤਿਆਕਾਂਡ 1919' ਸਿਰਲੇਖ ਹੇਠ ਲਿਆਂਦਾ ਹੈ। ਐੱਮ.ਪੀ. ਸ਼ਰਮਾ ਨੇ 18 ਅਕਤੂਬਰ ਨੂੰ ਇਹ ਮਤਾ ਲਿਆਂਦਾ ਜਿਸ 'ਤੇ ਹੁਣ ਤਕ 8 ਹੋਰ ਸੰਸਦ ਮੈਂਬਰਾਂ ਨੇ ਦਸਤਖਤ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਸੰਸਦ 'ਚ ਇਸ ਖੂਨੀ ਕਾਂਡ 'ਤੇ ਮੁਆਫੀ ਮੰਗਣ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਸ਼ਰਮਨਾਕ ਇਤਿਹਾਸ ਬਾਰੇ ਯੂ.ਕੇ. ਦੇ ਸਕੂਲਾਂ 'ਚ ਪੜ੍ਹਾਇਆ ਜਾਣਾ ਚਾਹੀਦਾ ਹੈ। ਜਲ੍ਹਿਆਂਵਾਲੇ ਬਾਗ 'ਚ 1919 ਨੂੰ ਵਾਪਰੇ ਦਰਦਨਾਕ ਕਤਲੇਆਮ ਨੇ ਸਾਰੀ ਦੁਨੀਆ ਨੂੰ ਕੰਬਣੀ ਲਗਾ ਛੱਡੀ ਸੀ। 
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਮੁੱਦੇ ਨੂੰ ਚੁੱਕਿਆ ਗਿਆ ਹੈ, ਜਦ ਮਹਾਰਾਣੀ ਐਲਿਜ਼ਾਬੈੱਥ ਅਤੇ ਪ੍ਰਿੰਸ ਫਿਲਿਪ ਨੇ 1997 'ਚ ਜਲ੍ਹਿਆਂਵਾਲੇ ਬਾਗ ਦਾ ਦੌਰਾ ਕੀਤਾ ਸੀ। ਇਸ ਮਗਰੋਂ ਇਹ ਮੁੱਦਾ ਤਦ ਵੀ ਚੁੱਕਿਆ ਗਿਆ ਸੀ ਜਦ 2013 'ਚ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਭਾਰਤ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਪਰ ਸੰਸਦ 'ਚ ਇਸ ਦੀ ਨਿਖੇਧੀ ਨਹੀਂ । ਸ਼ਰਮਾ ਨੇ ਕਿਹਾ ਕਿ ਇਸ ਘਟਨਾ ਨੂੰ 2019 'ਚ 100 ਸਾਲ ਹੋ ਜਾਣਗੇ ਪਰ ਅੱਜ ਵੀ ਭਾਰਤੀ ਖਾਸ ਕਰਕੇ ਪੰਜਾਬੀ ਇਸ ਨੂੰ ਭੁਲਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ 'ਚ ਇਹ ਮਤਾ ਜਾਗਰੂਕਤਾ ਲਿਆਉਣ ਲਈ ਪੇਸ਼ ਕੀਤਾ ਹੈ। 
ਇਹ ਕਤਲੇਆਮ 1919 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਚ ਵਾਪਰਿਆ ਸੀ, ਜਦੋਂ ਉਥੇ ਆਜ਼ਾਦੀ ਪੱਖੀ ਮੁਜ਼ਾਹਰਾ ਕਰ ਰਹੇ ਸੈਂਕੜੇ ਲੋਕਾਂ ਨੂੰ ਜਨਰਲ ਡਾਇਰ ਦੀ ਅਗਵਾਈ ਹੇਠ ਫੌਜੀ ਟੁਕੜੀ ਨੇ ਗੋਲੀਆਂ ਨਾਲ ਭੁੰਨ੍ਹ ਸੁੱਟਿਆ ਸੀ। ਇਸ ਮਤੇ 'ਚ ਜ਼ੋਰ ਦਿੱਤਾ ਗਿਆ ਹੈ ਕਿ ਸਰਕਾਰ ਇਸ ਲਈ ਸੰਸਦ ਵਿਚ 'ਰਸਮੀ ਤੌਰ 'ਤੇ ਮੁਆਫੀ ਮੰਗੇ ਅਤੇ ਇਸ ਨੂੰ ਯਾਦ ਕਰਨ ਲਈ ਇਕ ਦਿਨ ਮਿੱਥਿਆ ਜਾਵੇ।  


Related News