ਬ੍ਰਿਟਿਸ਼ ਅਦਾਲਤ ਦਾ ਵੱਡਾ ਫ਼ੈਸਲਾ, ਅਸਾਂਜੇ ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ, ਹੋਵੇਗੀ 175 ਸਾਲ ਦੀ ਸਜਾ

Thursday, Apr 21, 2022 - 11:34 AM (IST)

ਬ੍ਰਿਟਿਸ਼ ਅਦਾਲਤ ਦਾ ਵੱਡਾ ਫ਼ੈਸਲਾ, ਅਸਾਂਜੇ ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ, ਹੋਵੇਗੀ 175 ਸਾਲ ਦੀ ਸਜਾ

ਲੰਡਨ (ਬਿਊਰੋ): ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇਗਾ। ਬ੍ਰਿਟੇਨ ਦੀ ਇਕ ਅਦਾਲਤ ਨੇ ਅਸਾਂਜੇ ਨੂੰ ਇਰਾਕ ਅਤੇ ਅਫਗਾਨਿਸਤਾਨ ਯੁੱਧ ਨਾਲ ਸਬੰਧਤ ਗੁਪਤ ਫਾਈਲਾਂ ਪ੍ਰਕਾਸ਼ਿਤ ਕਰਨ ਦਾ ਦੋਸ਼ੀ ਪਾਇਆ ਹੈ। ਅਦਾਲਤ ਨੇ ਕਿਹਾ ਕਿ ਅਸਾਂਜੇ ਨੂੰ ਅਮਰੀਕਾ ਹਵਾਲੇ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਉਸ ਨੂੰ 175 ਸਾਲ ਦੀ ਸਜ਼ਾ ਕੱਟਣੀ ਪਵੇਗੀ। ਜੂਲੀਅਨ ਕੋਲ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਲਈ 18 ਮਈ ਤੱਕ ਦਾ ਸਮਾਂ ਹੈ। ਅਦਾਲਤ ਦਾ ਹੁਕਮ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਕੋਲ ਜਾਵੇਗਾ। ਜੇਕਰ ਪਟੇਲ ਹਵਾਲਗੀ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਫਿਰ ਜੂਲੀਅਨ ਅਸਾਂਜੇ ਦੇ ਵਕੀਲ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਯੂਕੇ ਹਾਈ ਕੋਰਟ ਤੱਕ ਪਹੁੰਚ ਕਰ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਇਰਾਕ-ਅਫਗਾਨਿਸਤਾਨ ਯੁੱਧ ਦੌਰਾਨ ਫ਼ੌਜੀ ਕਾਰਵਾਈਆਂ ਨਾਲ ਜੁੜੀਆਂ 50 ਹਜ਼ਾਰ ਗੁਪਤ ਫਾਈਲਾਂ ਨੂੰ ਜਨਤਕ ਕਰਨ ਲਈ ਜੂਲੀਅਨ ਅਸਾਂਜੇ 'ਤੇ ਮੁਕੱਦਮਾ ਚਲਾਉਣਾ ਚਾਹੁੰਦਾ ਹੈ। ਅਮਰੀਕਾ ਕਈ ਸਾਲਾਂ ਤੋਂ ਅਸਾਂਜੇ ਦੀ ਹਵਾਲਗੀ ਲਈ ਕੋਸ਼ਿਸ਼ ਕਰ ਰਿਹਾ ਹੈ। ਚੀਫ਼ ਜਸਟਿਸ ਪਾਲ ਗੋਲਡਸਪ੍ਰਿੰਗ ਜੋ ਦੱਖਣ-ਪੂਰਬੀ ਲੰਡਨ ਦੀ ਬੇਲਮਾਰਸ਼ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਪੇਸ਼ ਹੋਏ ਨੇ ਅਸਾਂਜੇ ਨੂੰ ਕਿਹਾ ਕਿ ਸਧਾਰਨ ਭਾਸ਼ਾ ਵਿੱਚ ਮੈਂ ਤੁਹਾਡੇ ਕੇਸ ਨੂੰ ਫ਼ੈਸਲੇ ਲਈ ਗ੍ਰਹਿ ਸਕੱਤਰ ਕੋਲ ਭੇਜਣ ਲਈ ਪਾਬੰਦ ਹਾਂ। ਤੁਹਾਡੇ ਕੋਲ ਹਾਈ ਕੋਰਟ ਵਿੱਚ ਅਪੀਲ ਕਰਨ ਦਾ ਅਧਿਕਾਰ ਹੈ ਅਤੇ ਜੇਕਰ ਤੁਸੀਂ ਅਪੀਲ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋ, ਤਾਂ ਉਸ (ਪਟੇਲ ਦਾ) ਫ਼ੈਸਲਾ ਆਉਣ ਤੱਕ ਇਸਦੀ ਸੁਣਵਾਈ ਨਹੀਂ ਕੀਤੀ ਜਾਵੇਗੀ। ਹਵਾਲਗੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਹੁਕਮ ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਹੇਠਲੀ ਅਦਾਲਤ ਦੇ ਹੁਕਮਾਂ ਵਿਰੁੱਧ ਅਸਾਂਜੇ ਨੂੰ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਆਇਆ ਹੈ। ਹੁਣ ਗ੍ਰਹਿ ਸਕੱਤਰ ਤੈਅ ਕਰਨਗੇ ਕਿ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਨੂੰ ਫਿਕਸਡ ਵਿੰਗ ਏਅਰਕ੍ਰਾਫਟ ਦੇਣ ਦੇ ਮੁੱਦੇ 'ਤੇ ਅਮਰੀਕਾ ਨੇ ਦਿੱਤਾ ਸਪੱਸ਼ਟੀਕਰਨ 

ਅਸਾਂਜੇ ਦੇ ਵਕੀਲਾਂ ਕੋਲ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਸਾਹਮਣੇ ਆਪਣੀਆਂ ਦਲੀਲਾਂ ਪੇਸ਼ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਹੈ। ਉਹ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਇਜਾਜ਼ਤ ਲਈ ਵੀ ਬੇਨਤੀ ਕਰ ਸਕਦੇ ਹਨ। ਅਸਾਂਜੇ ਦੇ ਵਕੀਲ ਮਾਰਕ ਸਮਰਸ ਨੇ ਅਦਾਲਤ ਨੂੰ ਦੱਸਿਆ ਕਿ ਕਾਨੂੰਨੀ ਟੀਮ ਨੇ ਅਹਿਮ ਦਲੀਲ ਪੇਸ਼ ਕਰਨੀ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਅਸਾਂਜੇ ਦੀ ਹਵਾਲਗੀ ਕਰਨ ਲਈ ਕਿਹਾ ਹੈ ਤਾਂ ਜੋ ਉਹ ਜਾਸੂਸੀ ਦੇ 17 ਦੋਸ਼ਾਂ ਅਤੇ ਕੰਪਿਊਟਰ ਦੁਰਵਿਵਹਾਰ ਦੇ ਇੱਕ ਦੋਸ਼ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਸਕੇ। ਅਮਰੀਕੀ ਵਕੀਲਾਂ ਨੇ ਕਿਹਾ ਹੈ ਕਿ ਅਸਾਂਜੇ ਨੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕੀ ਫ਼ੌਜ ਦੀ ਖੁਫੀਆ ਵਿਸ਼ਲੇਸ਼ਕ ਚੈਲਸੀ ਮੈਨਿੰਗ ਦੀ ਗੁਪਤ ਡਿਪਲੋਮੈਟਿਕ ਸਮੱਗਰੀ ਅਤੇ ਫ਼ੌਜੀ ਫਾਈਲਾਂ ਨੂੰ ਚੋਰੀ ਕਰਨ ਵਿੱਚ ਮਦਦ ਕੀਤੀ ਸੀ, ਜੋ ਬਾਅਦ ਵਿੱਚ ਵਿਕੀਲੀਕਸ ਨੇ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਪ੍ਰਕਾਸ਼ਿਤ ਕੀਤਾ ਸੀ। ਅਸਾਂਜੇ ਦੇ ਵਕੀਲਾਂ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਅਮਰੀਕਾ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 175 ਸਾਲ ਤੱਕ ਦੀ ਕੈਦ ਹੋ ਸਕਦੀ ਹੈ। 

ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਜ਼ਾ ਦੀ ਮਿਆਦ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ। ਅਸਾਂਜੇ ਨੂੰ 2019 ਤੋਂ ਲੰਡਨ ਦੀ ਉੱਚ-ਸੁਰੱਖਿਆ ਵਾਲੀ ਬੇਲਮਾਰਸ਼ ਜੇਲ੍ਹ ਵਿੱਚ ਰੱਖਿਆ ਗਿਆ ਹੈ। ਉਸਨੇ ਪਹਿਲਾਂ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਸਵੀਡਨ ਹਵਾਲੇ ਕੀਤੇ ਜਾਣ ਤੋਂ ਬਚਣ ਲਈ ਲੰਡਨ ਵਿੱਚ ਇੱਕਵਾਡੋਰ ਦੇ ਦੂਤਘਰ ਵਿੱਚ ਸੱਤ ਸਾਲਾਂ ਲਈ ਸ਼ਰਨ ਲਈ ਸੀ। ਸਵੀਡਨ ਨੇ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਨਵੰਬਰ 2017 ਵਿੱਚ ਸੈਕਸ ਅਪਰਾਧ ਦੀ ਜਾਂਚ ਬੰਦ ਕਰ ਦਿੱਤੀ ਸੀ। ਪਿਛਲੇ ਮਹੀਨੇ ਅਸਾਂਜੇ ਅਤੇ ਉਸਦੀ ਸਾਥੀ ਸਟੈਲਾ ਮੌਰਿਸ ਨੇ ਜੇਲ੍ਹ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਵਿਆਹ ਕਰਵਾ ਲਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News