ਬ੍ਰਿਟੇਨ ਇਸ ਸਾਲ 5000 ਅਫਗਾਨ ਸ਼ਰਨਾਰਥੀਆਂ ਨੂੰ ਦੇਵੇਗਾ ਪਨਾਹ, 20000 ਨੂੰ ਆਉਂਦੇ ਸਾਲਾਂ 'ਚ
Wednesday, Aug 18, 2021 - 10:26 AM (IST)
ਬਰਮਿੰਘਮ (ਸੰਜੀਵ ਭਨੋਟ): ਬ੍ਰਿਟਿਸ਼ ਸਰਕਾਰ ਨੇ ਨਵੀਂ ਸਕੀਮ ਅਧੀਨ ਅਫ਼ਗ਼ਾਨ ਸ਼ਰਨਾਰਥੀਆਂ ਨੂੰ ਪਨਾਹ ਦੇਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਜਿਹਨਾਂ ਨੇ 20 ਸਾਲ ਤੱਕ ਅਫਗਾਨਿਸਤਾਨ ਨੂੰ ਵਧੀਆ ਬਣਾਉਣ ਵਿੱਚ ਸਾਡਾ ਸਾਥ ਦਿੱਤਾ ਸੀ ਅਸੀਂ ਉਹਨਾਂ ਦਾ ਕਰਜ਼ ਨਹੀਂ ਮੋੜ ਸਕਦੇ। ਹੁਣ ਸਾਡਾ ਫਰਜ਼ ਬਣਦਾ ਹੈ ਅਫ਼ਗ਼ਾਨ ਦੇ ਲੋਕਾਂ ਦਾ ਸਾਥ ਦੇਈਏ।ਸਭ ਤੋਂ ਜ਼ਿਆਦਾ ਲੋੜ ਹੈ ਛੋਟੇ ਬੱਚਿਆਂ, ਬੀਬੀਆਂ ਤੇ 12 ਸਾਲ ਤੱਕ ਦੀਆਂ ਬੱਚੀਆਂ ਨੂੰ ਜਿਹਨਾਂ ਨੂੰ ਤਾਲਿਬਾਨ ਜਿਸਮਾਨੀ ਸੰਬੰਧਾਂ ਲਈ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ।
ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕੀ ਅਫ਼ਗਾਨ ਪੁਨਰਵਾਸ ਯੋਜਨਾ ਜਿਆਦਾ ਵਧੀਆ ਨਹੀਂ ਹੈ। ਅਫਗਾਨੀ ਲੋਕਾਂ ਨੂੰ ਇਸ ਨਾਲੋਂ ਜ਼ਿਆਦਾ ਵਧੀਆ ਤੇ ਤੇਜ਼ ਸੇਵਾਵਾਂ ਦੀ ਲੋੜ ਹੈ। ARAP ਅਧੀਨ ਪਹਿਲਾਂ ਵੀ 20000 ਸੀਰੀਆ ਦੇ ਸ਼ਰਨਾਰਥੀਆਂ ਨੂੰ 2014 ਤੋਂ ਹੁਣ ਤੱਕ ਪਨਾਹ ਦਿੱਤੀ ਗਈ ਹੈ। ਹੋਮ ਸੈਕਟਰੀ ਪ੍ਰੀਤੀ ਪਟੇਲ ਨੇ ਕਿਹਾ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਅਫਗਾਨ ਦੇ ਲੋਕਾਂ ਨੂੰ ਸਹੀ ਸਲਾਮਤ ਅਫਗਾਨਿਸਤਾਨ ਵਿਚੋਂ ਕੱਢ ਕੇ ਸਹੀ ਜਗ੍ਹਾ 'ਤੇ ਪਹੁੰਚਾਇਆ ਜਾਵੇ। 2000 ਅਫ਼ਗਾਨੀ ਨਾਗਰਿਕ ਹੁਣ ਤੱਕ ਬ੍ਰਿਟੇਨ ਪਹੁੰਚ ਚੁੱਕੇ ਹਨ। ਬ੍ਰਿਟਿਸ਼ ਸਰਕਾਰ ਨੇ ਇਸ ਸਾਲ 5000 ਅਫਗਾਨ ਸ਼ਰਨਾਰਥੀਆਂ ਨੂੰ ਪਨਾਹ ਦੇਣ ਦੀ ਯੋਜਨਾ ਬਣਾਈ ਹੈ ਅਤੇ ਆਉਣ ਵਾਲੇ ਸਾਲਾਂ ਵਿਚ 20000 ਅਫਗਾਨਾਂ ਨੂੰ ਸ਼ਰਨ ਦੇਣ ਦੀ ਯੋਜਨਾ ਹੈ।
ਪੜ੍ਹੋ ਇਹ ਅਹਿਮ ਖਬਰ -ਅਫਗਾਨਸਿਤਾਨ 'ਚ ਤਾਲਿਬਾਨ ਖ਼ਿਲਾਫ਼ ਬ੍ਰਿਟੇਨ ਨੇ ਸਖ਼ਤ ਕਦਮ ਚੁੱਕਣ ਦੇ ਦਿੱਤੇ ਸੰਕੇਤ
ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ,ਅਮਰੀਕਾ ਤੇ ਕੈਨੇਡਾ 5 ਆਈਜ਼ ਇੰਟੈਲੀਜੈਂਸ ਮੀਟਿੰਗ ਵਿੱਚ ਇਹ ਯਕੀਨੀ ਬਣਾਇਆ ਗਿਆ ਕਿ ਅਫ਼ਗਾਨੀ ਨਾਗਰਿਕਾਂ ਨੂੰ ਸੁਰੱਖਿਅਤ ਰਾਹਾਂ 'ਤੇ ਲੀਗਲ ਰਾਹ ਨਾਲ ਬਾਹਰ ਕੱਢਿਆ ਜਾਵੇ ਜੋ ਅਫਗਾਨਿਸਤਾਨ ਨੂੰ ਛੱਡਣਾ ਚਾਹੁੰਦੇ ਹਨ।