ਜਲਦ ਮੰਦੀ ਦੀ ਲਪੇਟ ’ਚ ਆ ਸਕਦੀ ਹੈ ਬ੍ਰਿਟੇਨ ਦੀ ਅਰਥਵਿਵਸਥਾ, ਗੋਲਡਮੈਨ ਸਾਕਸ ਨੇ ਦਿੱਤੀ ਚਿਤਾਵਨੀ

Tuesday, Aug 30, 2022 - 10:40 AM (IST)

ਨਵੀਂ ਦਿੱਲੀ (ਇੰਟ.) – ਇਨਵੈਸਟਮੈਂਟ ਬੈਂਕਿੰਗ ਫਰਮ ਗੋਲਡਮੈਨ ਸਾਕਸ ਨੇ ਚਿਤਾਵਨੀ ਦਿੱਤੀ ਹੈ ਕਿ ਸਾਲ ਦੇ ਅਖੀਰ ਤੱਕ ਬ੍ਰਿਟੇਨ ਮੰਦੀ ਦੀ ਲਪੇਟ ’ਚ ਆ ਜਾਵੇਗਾ। ਇਸ ਤੋਂ ਇਲਾਵਾ ਐਨਰਜੀ ਦੀਆਂ ਕੀਮਤਾਂ ’ਚ ਉਛਾਲ ਨਾਲ ਅਰਥਵਿਵਸਥਾ ’ਚ ਕਾਂਟ੍ਰੈਕਸ਼ਨ ਵੀ ਆ ਸਕਦੀ ਹੈ। ਫਰਮ ਨੇ ਕਿਹਾ ਕਿ ਅਗਲੇ ਸਾਲ ਤੱਕ ਬ੍ਰਿਟੇਨ ਦੀ ਜੀ. ਡੀ. ਪੀ. 1 ਫੀਸਦੀ ਹੇਠਾਂ ਆ ਸਕਦੀ ਹੈ ਅਤੇ ਸਾਲਾਨਾ ਆਊਟਪੁੱਟ 0.6 ਫੀਸਦੀ ਤੱਕ ਘੱਟ ਹੋ ਸਕਦੀ ਹੈ। ਆਊਟਪੁੱਟ ਨੂੰ ਲੈ ਕੇ ਗੋਲਡਮੈਨ ਸਾਕਸ ਦਾ ਬਿਆਨ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਹਾਲ ਹੀ ’ਚ ਫਰਮ ਨੇ ਇਸ ’ਚ 1.1 ਫੀਸਦੀ ਦੇ ਵਾਧੇ ਦਾ ਅਨੁਮਾਨ ਲਗਾਇਆ ਸੀ।

ਇਸ ਤੋਂ ਇਲਾਵਾ ਕੁੱਝ ਰਿਪੋਰਟਸ ’ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂ. ਕੇ. ਵਿਚ ਕਾਸਟ ਆਫ ਲਿਵਿੰਗ ਵਧ ਜਾਏਗੀ। ਕੁੱਝ ਅਰਥਸ਼ਾਸਤਰੀਆਂ ਨੇ ਕਿਹਾ ਕਿ ਯੂ. ਕੇ. ਵਿਚ ਕਾਸਟ ਆਫ ਲਿਵਿੰਗ ਵਧਣ ਦੀ ਚਿੰਤਾ ਡੂੰਘੀ ਹੁੰਦੀ ਜਾ ਰਹੀ ਹੈ। ਅਸਲ ਖਪਤ ’ਚ ਤੇਜ਼ ਗਿਰਾਵਟ ਆਉਣ ਦਾ ਵੀ ਖਦਸ਼ਾ ਹੈ।

ਲੰਮੇ ਸਮੇਂ ਤੱਕ ਮੰਦੀ ਦਾ ਅਨੁਮਾਨ

ਬੈਂਕ ਆਫ ਇੰਗਲੈਂਡ ਨੇ ਹਾਲ ਹੀ ’ਚ ਵਿਆਜ ਦਰਾਂ ’ਚ 27 ਸਾਲਾਂ ਦਾ ਸਭ ਤੋਂ ਜ਼ਿਆਦਾ ਵਾਧਾ ਕੀਤਾ ਸੀ। ਬੈਂਕ ਨੇ ਕਿਹਾ ਸੀ ਕਿ ਵਧਦੀ ਮਹਿੰਗਾਈ ਕਾਰਨ ਯੂ. ਕੇ. ਇਕ ਸਾਲ ਤੋਂ ਵੱਧ ਸਮੇਂ ਲਈ ਮੰਦੀ ਦੀ ਲਪੇਟ ’ਚ ਆ ਸਕਦਾ ਹੈ। ਉੱਥੇ ਹੀ ਹੁਣ ਗੋਲਡਮੈਨ ਸਾਕਸ ਨੇ ਵੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ। ਨਾਲ ਹੀ ਫਰਮ ਨੇ ਇਹ ਵੀ ਕਿਹਾ ਹੈ ਕਿ ਬੈਂਕ ਆਫ ਇੰਗਲੈਂਡ ਨੇੜਲੇ ਭਵਿੱਖ ’ਚ ਮੁਦਰਾ ਨੀਤੀ ’ਚ ਕੋਈ ਢਿੱਲ ਨਹੀਂ ਵਰਤਣ ਵਾਲਾ ਹੈ। ਫਰਮ ਮੁਤਾਬਕ ਸਤੰਬਰ ’ਚ ਬੈਂਕ ਵਿਆਜ ਦਰਾਂ ’ਚ 50 ਆਧਾਰ ਅੰਕਾਂ ਦਾ ਵਾਧਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ਸਰਕਾਰ ਦਾ ਅਹਿਮ ਫ਼ੈਸਲਾ, ਕਣਕ ਤੋਂ ਬਾਅਦ ਹੁਣ ਆਟਾ, ਮੈਦਾ, ਸੂਜੀ ਦੇ ਐਕਸਪੋਰਟ ’ਤੇ ਵੀ ਲਗਾਈ ਰੋਕ

ਕੌਮਾਂਤਰੀ ਬਾਜ਼ਾਰਾਂ ’ਚ ਕਮਜ਼ੋਰੀ ਦੇ ਸੰਕੇਤ

ਗੋਲਡਮੈਨ ਸਾਕਸ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਪਿਛਲੇ ਹਫਤੇ ਅਮਰੀਕਾ ਸਮੇਤ ਕਈ ਵਿਕਸਿਤ ਦੇਸ਼ਾਂ ’ਚ ਆਰਥਿਕ ਕਮਜ਼ੋਰੀ ਦੇ ਸੰਕੇਤ ਦਿਖਾਈ ਦਿੱਤੇ ਹਨ। ਅਮਰੀਕੀ ਕੇਂਦਰੀ ਬੈਂਕ ਦੇ ਮੁਖੀ ਜੇਰੋਮ ਪਾਵੇਲ ਨੇ ਪਿਛਲੇ ਹਫਤੇ ਸੰਕੇਤ ਦਿੱਤਾ ਸੀ ਕਿ ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਹਾਲੇ ਵਿਆਜ ਦਰਾਂ ਵਧਾਉਣ ਤੋਂ ਪਿੱਛੇ ਨਹੀਂ ਹਟੇਗਾ। ਇਸ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦੇਖੀ ਗਈ ਅਤੇ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵੀ 1400 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ।

ਫੈੱਡਰਲ ਰਿਜ਼ਰਵ ਦੇ ਮੁਖੀ ਦਾ ਬਿਆਨ

ਜੇਰੋਮ ਪਾਵੇਲ ਨੇ ਕਿਹਾ ਕਿ ਬੈਂਕ ਦੀ ਤਰਜੀਹ ਮਹਿੰਗਾਈ ਨੂੰ 2 ਫੀਸਦੀ ਤੱਕ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਕੀਮਤਾਂ ’ਚ ਸਥਿਰਤਾ ਕੇਂਦਰੀ ਬੈਂਕ ਦੀ ਜ਼ਿੰਮੇਵਾਰੀ ਹੈ। ਬਕੌਲ ਪਾਵੇਲ, ਮੁਦਰਾ ਨੀਤੀ ਸਖਤੀ ਜਾਰੀ ਰਹੇਗੀ ਭਾਵੇਂ ਹੀ ਆਰਥਿਕ ਗਤੀਵਿਧੀਅਾਂ ’ਤੇ ਇਸਦਾ ਖਰਾਬ ਪ੍ਰਭਾਵ ਪਵੇ। ਉਨ੍ਹਾਂ ਨੇ ਅਗਲੇ ਕੁੱਝ ਸਮੇਂ ਤੱਕ ਅਮਰੀਕਾ ਦੇ ਆਰਥਿਕ ਵਾਧੇ ਦੇ ਕਮਜ਼ੋਰ ਬਣੇ ਰਹਿਣ ਦਾ ਸੰਕੇਤ ਦਿੱਤਾ ਸੀ।

ਇਹ ਵੀ ਪੜ੍ਹੋ : Twin Tower ਨੂੰ ਢਾਹੁਣਾ ਰੀਅਲ ਅਸਟੇਟ ਸੈਕਟਰ ਦੇ ਸਾਰੇ ਹਿੱਸੇਦਾਰਾਂ ਲਈ ਸਬਕ: ਉਦਯੋਗ ਜਗਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News