ਬ੍ਰਿਟੇਨ ਨੇ ਯੂਕ੍ਰੇਨ ਲਈ ਹੋਰ ਫੌਜੀ ਸਹਾਇਤਾ ਦਾ ਕੀਤਾ ਐਲਾਨ

Thursday, Jun 30, 2022 - 05:24 PM (IST)

ਬ੍ਰਿਟੇਨ ਨੇ ਯੂਕ੍ਰੇਨ ਲਈ ਹੋਰ ਫੌਜੀ ਸਹਾਇਤਾ ਦਾ ਕੀਤਾ ਐਲਾਨ

ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਯੂਕ੍ਰੇਨ ਨੂੰ 1 ਅਰਬ ਪੌਂਡ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜਾਨਸਨ ਨੇ ਮੈਡਰਿਡ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਨੇਤਾਵਾਂ ਦੇ ਸਿਖ਼ਰ ਸੰਮੇਲਨ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, 'ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੇਰਹਿਮੀ ਨਾਲ ਲੋਕਾਂ ਦੀ ਜਾਨ ਜਾ ਰਹੀ ਹੈ ਅਤੇ ਪੂਰੇ ਯੂਰਪ ਵਿੱਚ ਯੂਕ੍ਰੇਨ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰਾ ਹੈ।' ਉਨ੍ਹਾਂ ਕਿਹਾ, 'ਪੁਤਿਨ ਇਸ ਯੁੱਧ ਦਾ ਲਾਭ ਲੈਣ ਵਿੱਚ ਅਸਫ਼ਲ ਰਹੇ ਹਨ ਜਿਵੇਂ ਕਿ ਉਨ੍ਹਾਂ ਨੇ ਉਮੀਦ ਲਗਾਈ ਸੀ ਅਤੇ ਇਸ ਯੁੱਧ ਦੀ ਵਿਅਰਥਤਾ ਹੁਣ ਸਪੱਸ਼ਟ ਹੈ। ਬ੍ਰਿਟੇਨ ਵੱਲੋਂ ਯੂਕ੍ਰੇਨ ਨੂੰ ਦਿੱਤੇ ਜਾ ਰਹੇ ਹਥਿਆਰ, ਸਾਜ਼ੋ-ਸਾਮਾਨ ਅਤੇ ਸਿਖਲਾਈ ਨਾਲ ਯੂਕ੍ਰੇਨ ਦੀ ਰੱਖਿਆ ਪ੍ਰਣਾਲੀ ਮਜ਼ਬੂਤ ​​ਹੋਈ ਹੈ। ਅਸੀਂ ਯੂਕ੍ਰੇਨ ਵਿਚ ਪੁਤਿਨ ਦੀ ਅਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਯੂਕ੍ਰੇਨ ਦੇ ਲੋਕਾਂ ਦੇ ਨਾਲ ਖੜੇ ਰਹਾਂਗੇ।'

ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਯੂਕ੍ਰੇਨ ਦੀ ਪ੍ਰਭੂਸੱਤਾ ਨੂੰ ਬਹਾਲ ਕਰਨ ਲਈ ਰੂਸੀ ਫੌਜਾਂ ਵਿਰੁੱਧ ਵਧਦੀ ਹਮਲਾਵਰ ਮੁਹਿੰਮ ਲਈ ਯੂਕ੍ਰੇਨ ਨੂੰ ਬ੍ਰਿਟੇਨ ਵੱਲੋਂ ਆਰਥਿਕ ਮਦਦ ਪਹੁੰਚਾਈ ਜਾ ਰਹੀ ਹੈ। ਪਿਛਲੇ ਹਫ਼ਤੇ, ਪ੍ਰਧਾਨ ਮੰਤਰੀ ਨੇ ਇਹ ਵੀ ਘੋਸ਼ਣਾ ਕੀਤੀ ਸੀ ਕਿ ਬ੍ਰਿਟੇਨ ਯੂਕ੍ਰੇਨੀ ਹਥਿਆਰਬੰਦ ਬਲਾਂ ਲਈ ਇੱਕ ਵਿਆਪਕ ਨਵੇਂ ਸਿਖਲਾਈ ਪ੍ਰੋਗਰਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵਾਲੇਸ ਨੇ ਕਿਹਾ, "ਯੂਕ੍ਰੇਨ ਪ੍ਰਤੀ ਬ੍ਰਿਟੇਨ ਦੀ ਵਚਨਬੱਧਤਾ ਅਸਲ ਅਤੇ ਸਥਿਰ ਹੈ ਅਤੇ ਅਸੀਂ ਰੂਸ ਦੇ ਰੁਖ ਬਦਲਣ ਤੱਕ ਉਨ੍ਹਾਂ ਨਾਲ ਖੜ੍ਹਾਂ ਰਹਾਂਗੇ। ਇਹ ਫੌਜੀ ਸਹਾਇਤਾ ਉਨ੍ਹਾਂ ਨੂੰ ਰੂਸੀ ਹਮਲੇ ਵਿਰੁੱਧ ਆਪਣੀ ਲੜਾਈ ਨੂੰ ਤੇਜ਼ ਕਰਨ ਵਿਚ ਮਦਦ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਉਨ੍ਹਾਂ ਕੋਲ ਰੱਖਿਆ ਸਮਰੱਥਾ ਹੈ।"


author

cherry

Content Editor

Related News