ਬ੍ਰਿਟੇਨ ਹਾਰਮੂਜ਼ ਜਲਡਮਰੂਮੱਧ 'ਚ 2 ਜੰਗੀ ਜਹਾਜ਼ ਕਰੇਗਾ ਤਾਇਨਾਤ

Sunday, Jan 05, 2020 - 10:42 AM (IST)

ਬ੍ਰਿਟੇਨ ਹਾਰਮੂਜ਼ ਜਲਡਮਰੂਮੱਧ 'ਚ 2 ਜੰਗੀ ਜਹਾਜ਼ ਕਰੇਗਾ ਤਾਇਨਾਤ

ਲੰਡਨ (ਭਾਸ਼ਾ): ਬ੍ਰਿਟੇਨ ਨੇ ਕਿਹਾ ਹੈ ਕਿ ਉਹ ਸੀਨੀਅਰ ਈਰਾਨੀ ਮਿਲਟਰੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਪੱਛਮੀ ਏਸ਼ੀਆ ਵਿਚ ਵੱਧਦੇ ਤਣਾਅ ਦੇ ਵਿਚ ਬ੍ਰਿਟੇਨ ਦੇ ਜਹਾਜ਼ਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ 2 ਜੰਗੀ ਜਹਾਜ਼ਾਂ ਨੂੰ ਹਾਰਮੂਜ਼ ਜਲਡਮਰੂਮੱਧ ਵਿਚ ਭੇਜੇਗਾ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਸ਼ਨੀਵਾਰ ਦੇਰ ਰਾਤ ਕਿਹਾ,''ਮੈਂ ਐੱਚ.ਐੱਮ.ਐੱਸ. ਮੋਂਟ੍ਰੋਸ ਅਤੇ ਐੱਚ.ਐੱਮ.ਐੱਸ. ਡਿਫੈਂਡਰ ਨੂੰ ਹਾਰਮੂਜ਼ ਜਲਡਮਰੂਮੱਧ ਵਿਚ ਰੈੱਡ ਐਨਸਾਈਨ ਸ਼ਿਪਿੰਗ ਦੇ ਨਾਲ ਤਾਇਨਾਤੀ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਇਸ ਸਮੇਂ ਸਾਡੇ ਜਹਾਜ਼ਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕੇਗੀ।''

ਉਹਨਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਹਨਾਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਨਾਲ ਇਸ ਖੇਤਰ ਦੀ ਸਥਿਤੀ 'ਤੇ ਚਰਚਾ ਕੀਤੀ ਸੀ। ਉਹਨਾਂ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਇਰਾਕ ਵਿਚ ਤਾਇਨਾਤ ਅਮਰੀਕੀ ਬਲਾਂ ਨੇ ਈਰਾਨ ਸਮਰਥਿਤ ਲੜਾਕਿਆਂ 'ਤੇ ਕਈ ਵਾਰ ਹਮਲੇ ਕੀਤੇ ਹਨ।ਉੱਧਰ ਜਨਰਲ ਸੁਲੇਮਾਨੀ ਗੁਆਂਢੀ ਪ੍ਰਭੂਸੱਤਾ ਰਾਸ਼ਟਰਾਂ ਨੂੰ ਕਮਜੋਰ ਕਰਨ ਅਤੇ ਈਰਾਨ ਦੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾਵਾਂ ਦੇ ਕੇਂਦਰ ਵਿਚ ਸਨ।

ਗੌਰਤਲਬ ਹੈ ਕਿ ਅਮਰੀਕਾ ਨੇ ਸੁਲੇਮਾਨੀ ਨੂੰ ਬਗਦਾਦ ਵਿਚ ਸ਼ੁੱਕਰਵਾਰ ਤੜਕੇ ਹਵਾਈ ਹਮਲੇ ਵਿਚ ਮਾਰ ਦਿੱਤਾ ਸੀ। ਇੱਥੇ ਦੱਸ ਦਈਏ ਕਿ ਈਰਾਨ ਨੇ ਪਿਛਲੇ ਸਾਲ ਹਾਰਮੂਜ਼ ਜਲਡਮਰੂਮੱਧ ਵਿਚ 2 ਟੈਂਕਰਾਂ ਨੂੰ ਜ਼ਬਤ ਕਰ ਲਿਆ ਸੀ, ਜਿਹਨਾਂ ਵਿਚ ਇਕ ਲਾਈਬੇਰੀਆ ਅਤੇ ਦੂਜਾ ਬ੍ਰਿਟੇਨ ਦਾ ਸੀ। ਜਹਾਜ਼ਾਂ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ ਸੀ ਪਰ ਇਸ ਘਟਨਾ ਨਾਲ ਖੇਤਰ ਵਿਚ ਪਹਿਲਾਂ ਤੋਂ ਬਣੀ ਤਣਾਅ ਦੀ ਸਥਿਤੀ ਹੋਰ ਗੰਭੀਰ ਹੋਈ ਸੀ।


author

Vandana

Content Editor

Related News