ਕੋਰੋਨਾ ਨਾਲ ਬ੍ਰਿਟੇਨ 'ਚ 13 ਸਾਲਾ ਮੁੰਡੇ ਦੀ ਮੌਤ

04/01/2020 3:39:22 PM

ਲੰਡਨ (ਬਿਊਰੋ): ਕੋਵਿਡ-19 ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ 13 ਸਾਲ ਦੇ ਇਕ ਮੁੰਡੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁੰਡੇ ਦੇ ਪਰਿਵਾਰ ਦੇ ਮੁਤਾਬਕ ਉਸ ਨੂੰ ਪਹਿਲਾਂ ਤੋਂ ਕਈ ਬੀਮਾਰੀ ਨਹੀਂ ਸੀ। ਮੁੰਡੇ ਦੀ ਮੌਤ ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਵਿਚ ਮੰਗਲਵਾਰ ਸਵੇਰੇ ਹੋਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਜਾਨ ਗਵਾਉਣ ਵਾਲਾ ਉਹ ਲੰਡਨ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਹੈ। ਮ੍ਰਿਤਕ ਮੁੰਡੇ ਦਾ ਨਾਮ ਇਸਮਾਈਲ ਮੁਹੰਮਦ ਅਬਦੁਲਵਹਾਬ ਸੀ। ਸਾਹ ਲੈਣ ਵਿਚ ਤਕਲੀਫ ਹੋਣ ਦੇ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਮੁੰਡੇ ਦੇ ਪਰਿਵਾਰਕ ਦੋਸਤ ਮਾਰਕ ਸਟੀਫਨ ਨੇ ਪਰਿਵਾਰ ਦੇ ਹਵਾਲੇ ਨਾਲ ਕਿਹਾ,''ਉਸ ਨੂੰ ਪਹਿਲਾਂ ਵੈਂਟੀਲੇਟਰ ਅਤੇ ਫਿਰ ਕੋਮਾ ਵਿਚ ਰੱਖਿਆ ਗਿਆ ਪਰ ਬਦਕਿਸਮਤੀ ਨਾਲ ਉਸ ਦੀ ਮੌਤ ਹੋ ਗਈ। ਕਿੰਗਜ਼ ਕਾਲਜ ਦੇ ਲੈਕਚਰਾਰ ਨਤਾਲੀਆ ਮੈਕਡਰਮੋਟ ਨੇ ਕਿਹਾ,''ਜਿਵੇਂ ਕਿ ਸਾਨੂੰ ਪਤਾ ਹੈ ਕਿ ਬੱਚਿਆਂ ਨੂੰ ਬਜ਼ੁਰਗਾਂ ਦੀ ਤੁਲਨਾ ਵਿਚ ਕੋਵਿਡ-19 ਤੋਂ ਘੱਟ ਖਤਰਾ ਹੈ ਪਰ ਇਹ ਮਾਮਲਾ ਬ੍ਰਿਟੇਨ ਅਤੇ ਦੁਨੀਆ ਭਰ ਵਿਚ ਇਨਫੈਕਸ਼ਨ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਸਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਦੇ ਮਹੱਤਵ 'ਤੇ ਜ਼ੋਰ ਦਿੰਦਾ ਹੈ।'' 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : 7 ਬੱਚਿਆਂ ਦੀ ਦਾਦੀ ਨੇ ਜਿੱਤੀ ਕੋਰੋਨਾ ਤੋਂ ਜੰਗ, ਲੋਕਾਂ ਨੇ ਦਿੱਤਾ ਇਹ ਨਾਮ

ਉਹਨਾਂ ਨੇ ਮੌਤ ਦੇ ਅਜਿਹੇ ਮਾਮਲਿਆਂ ਵਿਚ ਸ਼ੋਧ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਕਿਸੇ ਅੰਦਰੂਨੀ ਜੈਨੇਟਿਕ ਸੰਵੇਦਨਸ਼ੀਲਤਾ ਦਾ ਸੰਕੇਤ ਮਿਲ ਸਕਦਾ ਹੈ। ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ 381 ਲੋਕਾਂ ਦੀ ਜਾਨ ਗਈ ਹੈ ਅਤੇ ਦੇਸ਼ ਵਿਚ ਹੁਣ ਤੱਕ ਕੁੱਲ 1,789 ਲੋਕ ਜਾਨਲੇਵਾ ਵਾਇਰਸ ਦੀ ਚਪੇਟ ਵਿਚ ਆਉਣ ਮਗਰੋਂ ਜਾਨ ਗਵਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੈਲਜੀਅਮ ਵਿਚ ਮੰਗਲਵਾਰ ਨੂੰ ਜਾਨ ਗਵਾਉਣ ਵਾਲੀ 12 ਸਾਲਾ ਬੱਚੀ ਨੂੰ ਯੂਰਪ ਦੀ ਸਭ ਤੋਂ ਛੋਟੀ ਉਮਰ ਦੀ ਪੀੜਤਾ ਮੰਨਿਆ ਜਾ ਰਿਹਾ ਸੀ। 


 


Vandana

Content Editor

Related News