ਪ੍ਰਿੰਸ ਚਾਰਲਸ ਦੀ ਅਨੋਖੀ ਕਾਰ, ਚੱਲਦੀ ਹੈ ਵਾਈਨ ਨਾਲ

11/14/2018 11:52:29 AM

ਲੰਡਨ (ਬਿਊਰੋ)— ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਬੇਟੇ ਪ੍ਰਿੰਸ ਚਾਰਲਸ ਦੀ 50 ਸਾਲ ਪੁਰਾਣੀ ਕਾਰ ਪੈਟਰੋਲ, ਡੀਜ਼ਲ ਜਾਂ ਗੈਸ ਦੀ ਬਜਾਏ ਇੰਗਲੈਂਡ ਦੀ ਮਸ਼ਹੂਰ ਵ੍ਹਾਈਟ ਵਾਈਨ ਨਾਲ ਚੱਲਦੀ ਹੈ। ਚਾਰਲਸ ਲਗਜ਼ਰੀ ਕਾਰਾਂ ਦੇ ਜਿੰਨੇ ਵੱਡੇ ਸ਼ੁਕੀਨ ਹਨ ਉਨੇ ਹੀ ਵਾਤਾਵਰਣ ਪ੍ਰੇਮੀ ਵੀ ਹਨ। ਇਸੇ ਉਦੇਸ਼ ਨਾਲ ਉਨ੍ਹਾਂ ਨੇ ਆਪਣੀ ਐਸਟਨ ਮਾਰਟੀਨ ਕਾਰ ਵਿਚ ਖਾਸ ਤਬੀਦੀਲੀਆਂ ਕਰਵਾਈਆਂ ਤਾਂ ਜੋ ਇਹ ਵਾਈਨ ਨਾਲ ਚੱਲ ਸਕੇ ਅਤੇ ਘੱਟੋ-ਘੱਟ ਪ੍ਰਦੂਸ਼ਣ ਹੋਵੇ।

PunjabKesari

ਪ੍ਰਿੰਸ ਚਾਰਲਸ ਦਾ 70ਵਾਂ ਜਨਮਦਿਨ
ਅੱਜ (14 ਨਵੰਬਰ) ਪ੍ਰਿੰਸ ਚਾਰਲਸ ਦਾ 70ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਬਣ ਰਹੀ ਇਕ ਦਸਤਾਵੇਜ਼ੀ ਫਿਲਮ ਦੌਰਾਨ ਪ੍ਰਿੰਸ ਚਾਰਲਸ ਨੇ ਕਾਰ ਅਤੇ ਟਰੇਨ ਨਾਲ ਕੀਤੇ ਪ੍ਰਯੋਗਾਂ ਦਾ ਰਹੱਸ ਖੋਲ੍ਹਿਆ। ਵਾਤਾਵਰਣ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਮੋਹਰੀ ਰਹਿਣ ਵਾਲੇ ਚਾਰਲਸ ਨੇ ਨਾ ਸਿਰਫ ਆਪਣੀ ਕਾਰ ਨੂੰ ਸਗੋਂ ਸ਼ਾਹੀ ਪਰਿਵਾਰ ਦੀ ਸ਼ਾਹੀ ਟਰੇਨ ਨੂੰ ਵੀ ਈਕੋ-ਫ੍ਰੈਂਡਲੀ ਬਣਾਇਆ ਹੈ। ਉਨ੍ਹਾਂ ਦੀ ਸ਼ਾਹੀ ਟਰੇਨ ਨੂੰ ਚਲਾਉਣ ਵਿਚ ਕੁਕਿੰਗ ਤੇਲ ਦੀ ਵਰਤੋਂ ਹੁੰਦੀ ਹੈ।

21ਵੇਂ ਜਨਮਦਿਨ 'ਤੇ ਤੋਹਫੇ 'ਚ ਮਿਲੀ ਸੀ ਇਹ ਕਾਰ
ਮਹਾਰਾਣੀ ਨੇ ਪ੍ਰਿੰਸ ਚਾਰਲਸ ਨੂੰ ਸਾਲ 1969 ਵਿਚ ਉਨ੍ਹਾਂ ਦੇ 21ਵੇਂ ਜਨਮਦਿਨ 'ਤੇ ਲਗਜ਼ਰੀ ਕਾਰ ਕੰਪਨੀ ਐਸਟਨ ਮਾਰਟੀਨ ਦਾ ਡੀ.ਬੀ.-5 ਵੋਲਾਂਤ ਮਾਡਲ ਤੋਹਫੇ ਵਿਚ ਦਿੱਤਾ ਸੀ। ਇਹ ਕਾਰ ਪ੍ਰਿੰਸ ਹਾਲੇ ਵੀ ਚਲਾਉਂਦੇ ਹਨ। ਉਨ੍ਹਾਂ ਮੁਤਾਬਕ,''ਦੁਨੀਆ ਵਿਚ ਜਦੋਂ ਬਾਇਓਫਿਊਲ ਤਕਨਾਲੋਜੀ ਆਈ ਤਾਂ ਉਸ ਨੇ ਮੇਰਾ ਧਿਆਨ ਖਿੱਚਿਆ। ਸਾਲ 2008 ਵਿਚ ਮੈਂ ਐਸਟਨ ਮਾਰਟੀਨ ਦੇ ਇੰਜੀਨੀਅਰਾਂ ਨੂੰ ਇਸ ਕਾਰ ਨੂੰ ਪੂਰੀ ਤਰ੍ਹਾਂ ਬਾਇਓਫਿਊਲ ਨਾਲ ਚਲਾਉਣ ਲਾਇਕ ਬਣਾਉਣ ਲਈ ਕਿਹਾ।''

PunjabKesari

ਚਾਰਲਸ ਦੱਸਦੇ ਹਨ ਕਿ ਸ਼ੁਰੂ ਵਿਚ ਇੰਜੀਨੀਅਰਾਂ ਨੇ ਕਿਹਾ ਕਿ ਕਾਰ ਨੂੰ ਬਾਇਓਫਿਊਲ ਨਾਲ ਚਲਾਉਣ ਲਾਇਕ ਬਣਾਉਣ ਸਮੇਂ ਇਹ ਖਰਾਬ ਵੀ ਹੋ ਸਕਦੀ ਹੈ। ਪਰ ਮੈਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਜੇ ਕੰਪਨੀ ਦੇ ਇੰਜੀਨੀਅਰ ਅਜਿਹਾ ਨਹੀਂ ਕਰ ਸਕੇ ਤਾਂ ਮੈਂ ਇਹ ਕਾਰ ਨਹੀਂ ਚਲਾਵਾਂਗਾ। ਇਸ ਮਗਰੋਂ ਇੰਜੀਨੀਅਰਾਂ ਨੇ ਰਿਸਰਚ ਕੀਤੀ ਅਤੇ ਪਤਾ ਚੱਲਿਆ ਕਿ ਵ੍ਹਾਈਟ ਵਾਈਨ ਨੂੰ ਬਤੌਰ ਬਾਇਓਫਿਊਲ ਵਰਤ ਕੇ ਇਸ ਨੂੰ ਚਲਾਇਆ ਜਾ ਸਕਦਾ ਹੈ। ਪ੍ਰਿੰਸ ਚਾਰਲਸ ਮੁਤਾਬਕ ਹੁਣ ਇਹ ਕਾਰ ਪਹਿਲਾਂ ਨਾਲੋਂ ਘੱਟ ਪ੍ਰਦੂਸ਼ਣ ਫੈਲਾਉਂਦੀ ਹੈ ਅਤੇ ਇਸ ਦਾ ਪ੍ਰਦਰਸ਼ਨ ਵੀ ਬਿਹਤਰ ਹੋ ਗਿਆ ਹੈ।

85 ਫੀਸਦੀ ਵਾਈਨ ਤੇ 15 ਫੀਸਦੀ ਪੈਟਰੋਲ ਦੇ ਸੁਮੇਲ ਨਾਲ ਚੱਲਦੀ ਹੈ ਕਾਰ
ਅਜਿਹਾ ਨਹੀਂ ਹੈ ਕਿ ਬੋਤਲ ਕਾਰ ਦੇ ਪੈਟਰੋਲ ਟੈਂਕ ਵਿਚ ਪਾਈ ਅਤੇ ਕੰਮ ਬਣ ਗਿਆ। ਐਸਟਨ ਮਾਰਟੀਨ ਦੇ ਇੰਜੀਨੀਅਰਾਂ ਦੇ ਮੁਤਾਬਕ ਪ੍ਰਿੰਸ ਚਾਰਲਸ ਦੀ ਇਹ ਕਾਰ ਇਕ ਖਾਸ ਮਿਸ਼ਰਣ ਵਾਲੇ ਈ-85 ਬਾਲਣ ਨਾਲ ਚੱਲਦੀ ਹੈ। ਇਸ ਬਾਲਣ ਵਿਚ 85 ਫੀਸਦੀ ਤੱਕ ਵ੍ਹਾਈਟ ਵਾਈਨ ਅਤੇ 15 ਫੀਸਦੀ ਪੈਟਰੋਲ ਹੁੰਦਾ ਹੈ। ਇਸ ਖਾਸ ਬਾਲਣ ਨੂੰ ਬਾਇਓਐਥਨੋਲ ਵੀ ਕਿਹਾ ਜਾਂਦਾ ਹੈ। ਚਾਰਲਸ ਦੀ ਪਸੰਦੀਦਾ ਕਾਰ ਦੇ ਬਾਲਣ ਅਤੇ ਬਲਨ ਸਿਸਟਮ ਨੂੰ ਅੱਪਗ੍ਰੇਡ ਕਰ ਕੇ ਉਸ ਨੂੰ ਬਾਇਓਐਥਨੋਲ ਨਾਲ ਚੱਲਣ ਲਾਇਕ ਬਣਾਇਆ ਗਿਆ ਹੈ।

ਕੁਕਿੰਗ ਤੇਲ ਨਾਲ ਦੌੜਦੀ ਹੈ ਸ਼ਾਹੀ ਪਰਿਵਾਰ ਦੀ ਟਰੇਨ

PunjabKesari
ਪ੍ਰਿੰਸ ਚਾਰਲਸ ਆਪਣੀ ਕਾਰ ਤੋਂ ਪਹਿਲਾਂ ਸ਼ਾਹੀ ਟਰੇਨ ਰਾਇਲ ਸੋਵਰਿਨ ਨੂੰ ਈਕੋ-ਫ੍ਰੈਂਡਲੀ ਬਣਾ ਚੁੱਕੇ ਹਨ। ਇਸ ਟਰੇਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਚਾਰਲਸ ਨੇ ਕਾਫੀ ਮਿਹਨਤ ਕੀਤੀ ਅਤੇ ਟਰੇਨ ਆਪਰੇਟਰ ਅਤੇ ਲੋਕੋਮੋਟਿਵ ਇੰਜੀਨੀਅਰਾਂ ਨਾਲ ਬਰੀਕੀ ਨਾਲ ਕੰਮ ਕੀਤਾ। 100 ਫੀਸਦੀ ਬਾਇਓਫਿਊਲ ਨਾਲ ਚੱਲਣ ਵਾਲੀ ਇਸ ਟਰੇਨ ਵਿਚ ਖਾਣਾ ਬਣਾਉਣ ਦੇ ਬਾਅਦ ਬਚੇ ਤੇਲ ਦੀ ਵਰਤੋਂ ਹੁੰਦੀ ਹੈ। ਵਿਦੇਸ਼ਾਂ ਵਿਚ ਇਕ ਵਾਰ ਖਾਣਾ ਬਣਾਉਣ ਦੇ ਬਾਅਦ ਬਚੇ ਹੋਏ ਤੇਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਬਾਇਓਫਿਊਲ ਦੀ ਵਰਤੋਂ ਨਾਲ ਇਸ ਟਰੇਨ ਤੋਂ ਪੈਦਾ ਹੋਣ ਵਾਲਾ ਕਾਰਬਨ 20 ਫੀਸਦੀ ਤੱਕ ਘੱਟ ਗਿਆ।


Vandana

Content Editor

Related News