ਬ੍ਰਿਟੇਨ ''ਚ ਦਾਸ ਕਾਰੋਬਾਰੀ ਦੀ ਮੂਰਤੀ ਦੀ ਜਗ੍ਹਾ ਕਾਲੇ ਪ੍ਰਦਰਸ਼ਨਕਾਰੀ ਦੀ ਮੂਰਤੀ ਸਥਾਪਿਤ

7/15/2020 4:52:34 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਬ੍ਰਿਸਟਲ ਸ਼ਹਿਰ ਵਿਚ ਜਿਸ ਜਗ੍ਹਾ 'ਤੇ ਪਹਿਲਾਂ ਦਾਸ ਕਾਰੋਬਾਰੀ ਦੀ ਮੂਰਤੀ ਲੱਗੀ ਸੀ ਉਸ ਜਗ੍ਹਾ 'ਤੇ ਇਕ ਕਲਾਕਾਰ ਨੇ 'ਕਾਲੇ ਲੋਕਾਂ ਦਾ ਜੀਵਨ ਮਾਇਨੇ ਰੱਖਦਾ ਹੈ' ਦਾ ਪ੍ਰਦਰਸ਼ਨ ਕਰ ਰਹੇ ਇਕ ਪ੍ਰਦਰਸ਼ਨਕਾਰੀ ਦੀ ਮੂਰਤੀ ਲਗਾਈ ਹੈ। ਪ੍ਰਦਰਸ਼ਨਕਾਰੀਆਂ ਨੇ 7 ਜੁਲਾਈ ਨੂੰ ਬ੍ਰਿਸਟਲ ਬੰਦਰਗਾਹ 'ਤੇ ਲੱਗੀ ਐਡਵਰਡ ਕੋਲਸਟੋਨ ਦੀ ਮੂਰਤੀ ਹਟਾ ਦਿੱਤੀ ਸੀ। ਉਸ ਦੀ ਜਗ੍ਹਾ 'ਤੇ ਮਾਰਕ ਕਵਿੰਨ ਨਾਮ ਦੇ ਇਕ ਕਲਾਕਾਰ ਨੇ ਕਾਲੀ ਪ੍ਰਦਰਸਨਕਾਰੀ ਬੀਬੀ ਜੇਨ ਰੀਡ ਨਾਲ ਮੇਲ ਖਾਂਦੀ ਮੂਰਤੀ ਲਗਾਈ ਹੈ। ਇਸ ਮੂਰਤੀ ਨੂੰ 'ਤਾਕਤ ਦਾ ਉਦੈ (ਜੇਨ ਰੀਡ)' ਸਿਰਲੇਖ ਦਿੱਤਾ ਗਿਆ ਹੈ।

ਮੂਰਤੀ ਨੂੰ ਬੁੱਧਵਾਰ ਸਵੇਰੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਲਗਾਇਆ ਗਿਆ।ਜ਼ਿਕਰਯੋਗ ਹੈ ਕਿ ਕੋਲਸਟੋਨ 17ਵੀਂ ਸਦੀ ਦਾ ਦਾਸ ਕਾਰੋਬਾਰੀ ਸੀ ਜਿਸ ਨੇ ਅਫਰੀਕਾ ਮਹਾਦੀਪ ਤੋਂ ਲੋਕਾਂ ਨੂੰ ਫੜ ਕੇ ਗੁਲਾਮ ਬਣਾਇਆ ਅਤੇ ਯੂਰਪ ਅਤੇ ਅਮਰੀਕਾ ਵਿਚ ਉਹਨਾਂ ਦੀ ਵਿਕਰੀ ਨਾਲ ਬਹੁਤ ਜ਼ਿਆਦਾ ਕਮਾਈ ਕੀਤੀ। ਉਸ ਨੇ ਇਸ ਕਮਾਈ ਨਾਲ ਬ੍ਰਿਸਟਲ ਵਿਚ ਕਈ ਸਕੂਲਾਂ ਅਤੇ ਧਾਰਮਿਕ ਕੰਮਾਂ ਲਈ ਰਾਸ਼ੀ ਦਿੱਤੀ। ਬ੍ਰਿਸਟਲ ਲੰਡਨ ਤੋਂ ਕਰੀਬ 195 ਕਿਲੋਮੀਟਰ ਦੱਖਣ-ਪੱਛਮ ਵਿਚ ਸਥਿਤ ਹੈ। 

ਅਮਰੀਕਾ ਦੇ ਮਿਨੀਆਪੋਲਿਸ ਵਿਚ ਕਾਲੇ ਜੌਰਜ ਫਲਾਈਡ ਦੀ ਮਈ ਮਹੀਨੇ ਵਿਚ ਪੁਲਸ ਦੇ ਹੱਥੋਂ ਹੋਈ ਹੱਤਿਆ ਦੇ ਵਿਰੁੱਧ ਪੂਰੀ ਦੁਨੀਆ ਵਿਚ ਨਸਲਵਾਦ ਅਤੇ ਦਾਸਤਾ ਦੇ ਵਿਰੁੱਧ ਸ਼ੁਰੂ ਹੋਏ ਪ੍ਰਦਰਸ਼ਨ ਦੇ ਤਹਿਤ ਪ੍ਰਦਰਸ਼ਨਕਾਰੀਆਂ ਨੇ ਕੋਲਸਟਾਨ ਦੀ ਮੂਰਤੀ ਨੂੰ ਹਟਾ ਦਿੱਤਾ ਸੀ। ਕਵਿੰਨ ਬ੍ਰਿਟੇਨ ਦੇ ਮਸ਼ਹੂਰ ਮੂਰਤੀਕਾਰ ਹਨ। ਉਹਨਾਂ ਨੇ ਕਿਹਾ,''ਰੀਡ ਨੇ ਮੂਰਤੀ ਦਾ ਨਿਰਮਾਣ ਕੀਤਾ ਜਦੋਂ ਉਸ ਨੇ ਮੂਰਤੀ ਸਥਲ ਦੇ ਸਾਹਮਣੇ ਖੜ੍ਹੀ ਹੋ ਕੇ ਹੱਥ ਉਠਾਇਆ। ਹੁਣ ਅਸੀਂ ਉਸ ਨੂੰ ਮੂਰਤ ਰੂਪ ਦੇ ਰਹੇ ਹਾਂ।'' ਰੀਡ ਨੇ ਬ੍ਰਿਟਿਸ਼ ਅਖਬਾਰ ਗਾਰਡੀਅਨ ਨੂੰ ਕਿਹਾ ਕਿ ਨਵੀਂ ਮੂਰਤੀ ਬੇਮਿਸਾਲ ਹੈ ਅਤੇ ਇਹ ਗੱਲਬਾਤ ਨੂੰ ਜਾਰੀ ਰੱਖਣ ਵਿਚ ਮਦਦ ਕਰੇਗੀ। ਸ਼ਹਿਰ ਪ੍ਰਸ਼ਾਸਨ ਨੇ ਕੋਲਸਟੋਨ ਦੀ ਮੂਰਤੀ ਨੂੰ ਹਟਾ ਦਿੱਤਾ ਹੈ ਅਤੇ ਕਿਹਾ ਕਿ ਉਸ ਨੂੰ ਮਿਊਜ਼ੀਅਮ ਵਿਚ 'ਕਾਲੇ ਲੋਕਾਂ ਦਾ ਜੀਵਨ ਵੀ ਮਾਇਨੇ ਰੱਖਦਾ ਹੈ' ਦੀ ਤਖਤੀ ਦੇ ਨਾਲ ਰੱਖਿਆ ਜਾਵੇਗਾ।


Vandana

Content Editor Vandana