ਧਾਰਾ 370 ਹਟਾਉਣਾ ਭਾਰਤ ਦਾ ਅੰਦਰੂਨੀ ਮਾਮਲਾ : MQM ਸੰਸਥਾਪਕ

Sunday, Sep 01, 2019 - 05:44 PM (IST)

ਧਾਰਾ 370 ਹਟਾਉਣਾ ਭਾਰਤ ਦਾ ਅੰਦਰੂਨੀ ਮਾਮਲਾ : MQM ਸੰਸਥਾਪਕ

ਲੰਡਨ (ਭਾਸ਼ਾ)— ਬਿ੍ਰਟੇਨ ਵਿਚ ਆਪਣੇ ਦੇਸ਼ ਵਿਚੋਂ ਕੱਢੇ ਗਏ ਪਾਕਿਸਤਾਨ ਦੀ ਮੁਤਾਹਿਦਾ ਕੌਮੀ ਮੂਵਮੈਂਟ (MQM) ਦੇ ਸੰਸਥਾਪਕ ਅਲਤਾਫ ਹੁਸੈਨ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਹੈ। ਅਲਤਾਫ ਨੇ ਇਹ ਵੀ ਕਿਹਾ ਕਿ ਭਾਰਤ ਦੇ ਇਸ ਕਦਮ ਨੂੰ ਭਾਰਤੀ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲਿਆ ਹੈ। 65 ਸਾਲਾ ਅਲਤਾਫ ਨੇ 1990 ਦੇ ਦਹਾਕੇ ਵਿਚ ਇੱਥੇ ਸ਼ਰਨ ਮੰਗੀ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਬਿ੍ਰਟਿਸ਼ ਨਾਗਰਿਕਤਾ ਮਿਲ ਗਈ। ਭਾਵੇਂਕਿ ਉਨ੍ਹਾਂ ਨੇ ਐੱਮ.ਕਿਊ.ਐੱਮ. ’ਤੇ ਆਪਣੀ ਮਜ਼ਬੂਤ ਪਕੜ ਬਰਕਰਾਰ ਰੱਖੀ, ਜੋ ਪਾਕਿਸਤਾਨ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀਆਂ ਵਿਚੋਂ ਇਕ ਹੈ। 

ਉਨ੍ਹਾਂ ਦੀ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ’ਤੇ ਵੀ ਚੰਗੀ ਪਕੜ ਹੈ। ਸ਼ਨੀਵਾਰ ਨੂੰ ਪ੍ਰਸਾਰਿਤ ਇਕ ਸੰਬੋਧਨ ਵਿਚ ਅਲਤਾਫ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਦੇ ਭਾਰਤ ਸਰਕਾਰ ਦੇ ਫੈਸਲੇ ’ਤੇ ਪਾਕਿਸਤਾਨ ਨੂੰ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ ਆਪਣੇ ਦੇਸ਼ ਪਾਕਿਸਤਾਨ ਵਿਚ ਮਿਲਾਉਣ ਦੀ ਚੁਣੌਤੀ ਦਿੰਦੇ ਦਿਸੇ। ਉਨ੍ਹਾਂ ਨੇ ਕਿਹਾ,‘‘ਧਾਰਾ 370 ਹਟਾਉਣਾ ਭਾਰਤ ਸਰਕਾਰ ਦਾ ਪੂਰੀ ਤਰ੍ਹਾਂ ਅੰਦਰੂਨੀ ਮਾਮਲਾ ਹੈ।’’ ਗੌਰਤਲਬ ਹੈ ਕਿ ਐੱਮ.ਕਿਊ.ਐੱਮ. ਦਾ ਕਰਾਚੀ ਵਿਚ ਤਿੰਨ ਦਹਾਕਿਆਂ ਤੋਂ ਰਾਜਨੀਤਕ ਦਬਦਬਾ ਹੈ ਕਿਉਂਕਿ ਉਸ ਨੂੰ ਸੰਘਣੀ ਆਬਾਦੀ ਵਾਲੇ ਉਰਦੂ ਭਾਸ਼ਾ ਬੋਲਣ ਵਾਲੇ ਮੁਹਾਜਿਰਾਂ ਦਾ ਸਮਰਥਨ ਹੈ, ਜੋ 1947 ਵਿਚ ਵੰਡ ਸਮੇਂ ਪਾਕਿਸਤਾਨ ਚਲੇ ਗਏ ਸਨ।

ਅਲਤਾਫ ਉਪ ਮਹਾਦੀਪ ਵਿਚ ਘਟਨਾ¬ਕ੍ਰਮਾਂ ’ਤੇ ਨਿਯਮਿਤ ਤੌਰ ’ਤੇ ਬਿਆਨ ਜਾਰੀ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਸਿਵਲ ਅਤੇ ਮਿਲਟਰੀ ਅਦਾਰੇ ਪਿਛਲੇ 72 ਸਾਲਾਂ ਤੋਂ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਦੇਸ਼ ਦੀ ਜਨਤਾ ਨੂੰ ਗੰੁਮਰਾਹ ਕਰ ਰਹੇ ਹਨ ਅਤੇ ਠੱਗ ਰਹੇ ਹਨ। ਉਨ੍ਹਾਂ ਨੇ ਕਿਹਾ,‘‘ਪਾਕਿਸਤਾਨ ਦੀ ਫੌਜ ਅਤੇ ਸਿਵੀਲੀਅਨ ਲੀਡਰਸ਼ਿਪ ਨੂੰ ਹੁਣ ਇਹ ਨਾਟਕ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਜੰਮੂ-ਕਸ਼ਮੀਰ ਵਿਚ ਫੌਜ ਭੇਜ ਦੇਣੀ ਚਾਹੀਦੀ ਹੈ।’’ 

ਐੱਮ. ਕਿਊ.ਐੱਮ. ਹੈੱਡਕੁਆਰਟਰ ਵੱਲੋਂ ਪ੍ਰਸਾਰਿਤ ਰੇਡੀਓ ਦੇ ਕੁਝ ਫਾਰਮੈਟ ਵਿਚ ਅਲਤਾਫ ਨੂੰ ਭਾਰਤ ਦੇ ਸਮਰਥਨ ਦੇ ਪ੍ਰਤੀਕ ਦੇ ਤੌਰ ’ਤੇ ‘ਸਾਰੇ ਜਹਾਂ ਸੇ ਅੱਛਾ’ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ। ਭਾਵੇਂਕਿ ਵੀਡੀਓ ਨੂੰ ਬਣਾਏ ਜਾਣ ਦੇ ਸਮੇਂ ਅਤੇ ਸਥਾਨ ਦੀ ਪੁਸ਼ਟੀ ਨਹੀਂ ਹੋ ਪਾਈ ਹੈ। ਐੱਮ.ਕਿਊ.ਐੱਮ. ਦੇ ਸੁਪਰੀਮੋ ਨੇ ਇਸ ਤੋਂ ਪਹਿਲਾਂ ਨਾ ਸਿਰਫ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ ਸਗੋਂ ਪਾਕਿਸਤਾਨ ਨੂੰ ਦੁਨੀਆ ਭਰ ਲਈ ਇਕ ‘ਕੈਂਸਰ’ ਵੀ ਕਰਾਰ ਦਿੱਤਾ ਸੀ।
 


author

Vandana

Content Editor

Related News