ਬਰਤਾਨੀਆ ''ਚ ਮਾਸਕਾਂ ਦੀ ਆੜ ''ਚ ਲਿਆਂਦੀ 14 ਕਿਲੋ ਕੋਕੀਨ ਫੜ੍ਹੀ
Thursday, Apr 16, 2020 - 09:08 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ): ਇੱਕ ਪਾਸੇ ਕੋਰੋਨਾਵਾਇਰਸ ਕਹਿਰ ਦਾ ਦੂਜਾ ਨਾਮ ਬਣ ਗਿਆ ਪ੍ਰਤੀਤ ਹੁੰਦਾ ਹੈ ਪਰ ਦੂਜੇ ਨਸ਼ਾ ਤਸਕਰ ਵਾਇਰਸ ਨੂੰ ਕਮਾਊ ਪੁੱਤ ਵਜੋਂ ਵਰਤ ਰਹੇ ਹਨ। ਜੀ ਹਾਂ, ਕੋਰੋਨਾਵਾਇਰਸ ਦੀ ਆੜ ਵਿੱਚ ਬਰਤਾਨੀਆ ਵਿੱਚ ਲਿਆਂਦੀ ਗਈ 14 ਕਿਲੋ ਕੋਕੀਨ ਫੜ੍ਹੀ ਗਈ ਹੈ, ਜਿਸਨੂੰ ਮਾਸਕਾਂ ਵਾਲੇ ਡੱਬਿਆਂ ਵਿੱਚ ਲਿਆਂਦਾ ਗਿਆ ਸੀ। ਚੈਨਲ ਟਨਲ ਰਾਹੀਂ ਫਰਾਂਸ ਵਾਲੇ ਪਾਸਿਉਂ ਪੋਲੈਂਡ ਦੀ ਰਜਿਸਟ੍ਰੇਸ਼ਨ ਵਾਲੀ ਵੈਨ ਰਾਹੀਂ 1 ਮਿਲੀਅਨ ਪੌਂਡ ਦੀ ਬਾਜ਼ਾਰੂ ਕੀਮਤ ਵਾਲਾ ਨਸ਼ਾ ਬਰਤਾਨੀਆ ਵਿੱਚ ਲਿਆਂਦਾ ਜਾਣਾ ਸੀ।
ਯੂਕੇ ਬਾਰਡਰ ਫੋਰਸ ਅਫਲਸਰਾਂ ਵੱਲੋਂ ਕੀਤੀ ਛਾਣਬੀਣ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਮਾਸਕਾਂ ਵਾਲੇ ਡੱਬਿਆਂ ਵਿੱਚ ਇਹ ਕੋਕੀਨ ਲੁਕੋਈ ਹੋਈ ਸੀ। ਵੈਨ ਦੀ ਚਾਲਕ 34 ਸਾਲਾ ਔਰਤ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸੇ ਤਰ੍ਹਾਂ ਹੀ ਨੈਸ਼ਨਲ ਕਰਾਈਮ ਏਜੰਸੀ ਤੇ ਮੈਟਰੋਪੁਲਿਟਨ ਪੁਲਿਸ ਵੱਲੋਂ ਵਿੱਢੀ ਮੁਹਿੰਮ ਰਾਹੀਂ 2 ਮਿਲੀਅਨ ਪੌਂਡ ਕੀਮਤ ਦਾ ਨਸ਼ਾ ਫੜ੍ਹਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਗ੍ਰੇਵਜੈਂਡ ਸਹਿਰ ਵਿੱਚੋਂ 20 ਕਿਲੋ ਕੋਕੀਨ ਦੀ ਬਰਾਮਦਗੀ ਦੇ ਨਾਲ ਨਾਲ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਵੀ ਕੀਤਾ ਹੈ। ਇਸੇ ਮਾਮਲੇ ਵਿੱਚ ਫਰਾਰ ਹੋਏ ਤੀਜੇ ਵਿਅਕਤੀ ਦੀ ਭਾਲ ਜਾਰੀ ਹੈ। ਛਾਣਬੀਣ ਦੇ ਚਲਦਿਆਂ ਜਦੋਂ ਛਾਪਾਮਾਰੀ ਹੋਈ ਤਾਂ ਗ੍ਰੇਵਜੈਂਡ ਦੇ ਹੀ ਇੱਕ ਹੋਰ ਘਰ 'ਚੋਂ 3 ਲੱਖ ਪੌਂਡ ਨਕਦੀ ਦੀ ਬਰਾਮਦਗੀ ਹੋਈ ਦੱਸੀ ਜਾਂਦੀ ਹੈ। ਹਵਾਲਾ ਰਾਸ਼ੀ ਦੇ ਧੰਦੇ 'ਚ 51 ਸਾਲਾ ਆਦਮੀ ਤੇ 50 ਸਾਲਾ ਔਰਤ ਦੀ ਗ੍ਰਿਫ਼ਤਾਰੀ ਵੀ ਹੋਈ ਹੈ।