'ਬ੍ਰਿਸਬੇਨ ਵਿਸਾਖੀ ਮੇਲਾ 2018' ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ

05/02/2018 1:50:00 PM

ਬ੍ਰਿਸਬੇਨ,  (ਸੁਰਿੰਦਰਪਾਲ ਸਿੰਘ ਖੁਰਦ)— 'ਗੁਰਦੁਆਰਾ ਸਿੰਘ ਸਭਾ ਟੈਗਮ', ਨਿਊ ਇੰਗਲੈਂਡ ਕਾਲਜ, ਬ੍ਰਿਸਬੇਨ ਸਿਟੀ ਕੌਂਸਲ, ਸਥਾਨਕ ਕੌਂਸਲਰ, ਸੰਸਦ ਮੈਂਬਰਾਂ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ 'ਬ੍ਰਿਸਬੇਨ ਵਿਸਾਖੀ ਮੇਲਾ 2018' ਟੈਗਮ ਵਿਖੇ ਬਹੁਤ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਮੇਲੇ ਵਿੱਚ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਤੋਂ ਇਲਾਵਾ ਬੱਚਿਆਂ ਨੇ ਲੋਕ-ਨਾਚ ਮਲਵਈ ਗਿੱਧਾ-ਭੰਗੜਾ, ਸਮਾਜਿਕ ਕੁਰੀਤੀਆਂ 'ਤੇ ਚੋਟ ਮਾਰਦੇ ਨਾਟ-ਡਰਾਮੇ ਪੇਸ਼ ਕੀਤੇ।

PunjabKesari

ਇਸ ਮੌਕੇ ਨੌਜਵਾਨਾਂ ਵੱਲੋਂ ਪੇਸ਼ ਕਬੱਡੀ, ਰੱਸਾ-ਕੱਸੀ, ਵਾਲੀਬਾਲ ਦੀਆਂ ਖੇਡਾਂ ਰੌਚਕ ਦਾ ਕੇਂਦਰ ਬਣੀਆਂ।  ਖਾਣ-ਪੀਣ ਅਤੇ ਬੱਚਿਆਂ ਦੇ ਮਨੋਰੰਜਨ ਲਈ ਸੱਭਿਆਚਾਰਕ ਵੰਨਗੀਆਂ ਵੀ ਖਿੱਚ ਦਾ ਕੇਂਦਰ ਰਹੀਆਂ ।

PunjabKesari
ਵਿਸ਼ੇਸ਼ ਤੌਰ 'ਤੇ ਸਰਕਾਰੀ ਪੱਧਰ 'ਤੇ 'ਸਿਟੀਜ਼ਨਸ਼ਿਪ ਸਮਾਰੋਹ' ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ 18 ਦੇ ਕਰੀਬ ਪ੍ਰਵਾਸੀਆਂ ਨੇ ਸਹੁੰ ਚੁੱਕ ਕੇ ਆਸਟ੍ਰੇਲੀਆਈ ਨਾਗਰਿਕਤਾ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ। ਕਬੱਡੀ ਦੇ ਕਰਵਾਏ ਗਏ ਮੈਚ ਵਿੱਚ ਤੋਤਾ ਨੈਨਵਾਂਇਲੈਵਨ ਦੀ ਟੀਮ ਨੇ ਸਿੰਘ ਸਭਾ ਟੈਗਮ ਬ੍ਰਿਸਬੇਨ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫੀ ਆਪਣੇ ਨਾਮ ਕਰਵਾਈ। 

PunjabKesari
ਖਾਣ-ਪੀਣ ਆਦਿ ਦੇ ਵੱਖ-ਵੱਖ ਸਟਾਲਾਂ ਦੇ ਨਾਲ-ਨਾਲ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਪ੍ਰਧਾਨ ਸੁਖਦੇਵ ਸਿੰਘ ਗਰਚਾ, ਸੈਕਟਰੀ ਰਣਦੀਪ ਸਿੰਘ ਜੌਹਲ, ਮਾਸਟਰ ਪਰਮਿੰਦਰ ਸਿੰਘ, ਹਰਵਿੰਦਰ ਕੌਰ ਰਿੱਕੀ,  ਅਵਤਾਰ ਸਿੰਘ, ਗੈਰੀ ਸਿੰਘ, ਪਰਮਿੰਦਰ ਅਟਵਾਲ, ਜਗਜੀਤ ਖੋਸਾ, ਹਰਜੋਤ ਸਿੰਘ, ਬੀਬੀ ਜੋਤੀ, ਬਲਵਿੰਦਰ ਸਿੰਘ  ਅਤੇ ਸੰਤੋਖ ਸਿੰਘ ਆਦਿ ਸੇਵਾਦਾਰਾਂ ਨੇ ਸਾਂਝੇ ਤੌਰ 'ਤੇ ਸਮੂਹ ਸੰਗਤਾਂ ਦਾ ਮੇਲੇ ਦੀ ਸਫਲਤਾ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਹਰਵਿੰਦਰ ਕੌਰ ਸਿੱਧੂ, ਰਣਦੀਪ ਸਿੰਘ ਜੌਹਲ ਅਤੇ ਕਬੱਡੀ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਡਾ. ਦਰਸ਼ਨ ਬੜੀ ਨੇ ਬਾਖੂਬੀ ਸ਼ੇਅਰੋ- ਸ਼ਾਇਰੀ ਨਾਲ ਕੀਤੀ। ਅੰਤ ਵਿੱਚ ਵਿਸਾਖੀ ਮੇਲਾ ਦਿਲਕਸ਼ ਆਤਿਸ਼ਬਾਜੀ ਦੇ ਨਜ਼ਾਰੇ ਨਾਲ ਅਮਿੱਟ ਪੈੜਾ ਛੱਡਦਾ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋਇਆ।


Related News