ਬ੍ਰਿਸਬੇਨ ''ਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

10/29/2020 2:09:56 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਗੁਰਦੁਆਰਾ ਸਾਹਿਬ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਿਮਰਤਾ ਦੇ ਪੁੰਜ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ, ਗੁਰੂ ਘਰ ਦੇ ਅਨਿੰਨ ਸੇਵਕ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। 

ਸ੍ਰੀ ਅਖੰਠ ਪਾਠ ਜੀ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ 'ਤੇ ਛੋਟੇ-ਛੋਟੇ ਬੱਚਿਆਂ ਅਤੇ ਭਾਈ ਗੁਰਤੇਜ ਸਿੰਘ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਭਾਈ ਜਸਵੀਰ ਸਿੰਘ ਜਮਾਲਪੁਰੀ ਆਦਿ ਦੇ ਪੰਥ ਪ੍ਰਸਿੱਧ ਜੱਥਿਆਂ ਵਲੋਂ ਗੁਰਬਾਣੀ ਦੇ ਰਸ-ਭਿੰਨੇ ਕੀਰਤਨ, ਵੀਰ ਰਸੀ ਵਾਰਾਂ ਤੇ ਕਥਾ ਵਿਚਾਰਾਂ ਰਾਹੀਂ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਦਰਸਾਏ ਗਏ ਜੀਵਨ ਫਲਸਫੇ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ ਗਿਆ।


ਉਨ੍ਹਾਂ ਸੰਗਤਾਂ ਨੂੰ ਦੱਸਿਆ ਕਿ ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅੰਦਰ ਬ੍ਰਹਮ ਗਿਆਨੀ, ਪਰਉਪਕਾਰੀ, ਵਿਦਵਾਨ, ਪ੍ਰਚਾਰਕ ਦੇ ਤੌਰ 'ਤੇ ਜਾਣੇ ਜਾਣ ਵਾਲੇ ਮਹਾਨ ਸ਼ਖ਼ਸੀਅਤ ਹਨ। ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਗੁਰਗੱਦੀ (ਗੁਰਿਆਈ) ਦੀ ਰਸਮ ਵੀ ਬਾਬਾ ਬੁੱਢਾ ਜੀ ਨੂੰ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਨੇ ਸਰਬ-ਸਾਂਝੀਵਾਲਤਾ, ਕਿਰਤ ਕਰੋ ਤੇ ਵੰਡ ਕੇ ਛਕੋ, ਸੱਚਾ ਸੁੱਚਾ ਜੀਵਨ ਜਿਊਣ, ਸਮਾਜਿਕ ਬਰਾਬਰੀ ਦੀ ਜੀਵਨ ਜਾਂਚ, ਨਾਮ ਸਿਮਰਨ, ਹੰਕਾਰ ਤਿਆਗ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਆਦਿ ਦੇ ਸੰਦੇਸ਼ ਵੀ ਦਿੱਤੇ ਹਨ ਜੋ ਕਿ ਹਮੇਸ਼ਾ ਹੀ ਜੀਵਨ ਵਿਚ ਮਾਰਗਦਰਸ਼ਨ ਦਾ ਕਾਰਜ ਕਰਦੇ ਹਨ। ਇਸ ਮੌਕੇ ਗੁਰੂ ਦੀਆਂ ਸੰਗਤਾਂ ਨੇ ਹੁੰਮ-ਹੁਮਾ ਕੇ ਹਾਜ਼ਰੀ ਭਰੀ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। 


Lalita Mam

Content Editor

Related News