ਬ੍ਰਿਸਬੇਨ 'ਚ 'ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ' ਮਿਲਣ ਦੇ ਵਾਅਦੇ ਨਾਲ ਸ਼ਾਨੋ-ਸ਼ੌਕਤ ਨਾਲ ਸਮਾਪਤ

09/06/2017 3:25:16 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਵਲੋਂ ਨਿਊ ਇੰਗਲੈਂਡ ਕਾਲਜ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 'ਤੀਆਂ ਤੀਜ ਦੀਆਂ' ਦਾ ਤਿਉਹਾਰ ਸਬੰਧੀ ਸਮਾਰੋਹ ਐੱਲਜੇਸਟਰ ਪ੍ਰਾਇਮਰੀ ਸਕੂਲ ਵਿਖੇ ਬਹੁਤ ਹੀ ਉਤਸ਼ਾਹ ਨਾਲ ਅਯੋਜਿਤ ਕੀਤਾ ਗਿਆ। ਸਮਾਰੋਹ 'ਚ ਪੁਰਾਤਨ ਸੱਭਿਆਚਾਰਕ ਰੰਗ ਵਿਚ ਸੱਜ-ਧੱਜ ਕੇ ਧੀਆਂ-ਧਿਆਣੀਆਂ, ਸੱਜ -ਵਿਆਹੀਆਂ ਮੁਟਿਆਰਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪੰਜਾਬਣ ਮੁਟਿਆਰਾਂ ਦੇ ਚਾਵਾਂ, ਉਮੰਗਾਂ ਨੂੰ ਪ੍ਰਗਟ ਕਰਨ ਵਾਲਾ ਲੋਕ ਨਾਚ ਗਿੱਧਾ-ਭੰਗੜਾ, ਸੰਮੀ, ਕਿੱਕਲੀ, ਮਲਵਾਈ ਗਿੱਧਾ ਅਤੇ ਸੱਭਿਆਚਾਰਕ ਰੰਗਲੀਆਂ ਝਾਕੀਆ ਪੇਸ਼ ਕਰਕੇ ਮੁਟਿਆਰਾਂ ਨੇ ਖੂਬ ਵਾਹ-ਵਾਹ ਖੱਟੀ। 
ਇਸ ਮੌਕੇ 'ਤੇ ਬਲਜੀਤ ਕੌਰ ਢਿਲੋ, ਗੁਰਪਿੰਦਰ ਧਾਮੀ, ਅਨੂਪ ਕੌਰ, ਐਨੀ ਸੰਘਾ, ਕੁਲਵਿੰਦਰ ਕੌਰ, ਅਮਨ ਕਾਹਲੋ ਅਤੇ ਹਰਪ੍ਰੀਤ ਕੌਰ ਨੇ ਆਪਣੇ-ਆਪਣੇ ਸੰਬੋਧਨ 'ਚ ਤੀਆਂ ਦੇ ਤਿਉਹਾਰ ਦੀ ਪੰਜਾਬੀ ਸੱਭਿਆਚਾਰ ਵਿਚ ਮਹੱਤਤਾ ਅਤੇ ਇਤਿਹਾਸ ਬਾਰੇ ਰੋਸ਼ਨੀ ਪਾਉੁਂਦਿਆ ਦੱਸਿਆ ਕਿ ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰਾਂ ਪ੍ਰਗਟਾਇਆ ਹੈ 'ਮੋਰੀ ਰੁਣ ਝੁਣ ਲਾਇਆ, 'ਭੈਣੇ ਸਾਵਣੁ ਆਇਆ'। 
ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਤੀਜੀ ਤਿੱਥ ਤੋ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ ਅਤੇ ਇਸ ਵਿਰਾਸਤੀ ਤਿਉਹਾਰ ਨੂੰ ਸਾਵੇਂ ਵੀ ਕਿਹਾ ਜਾਂਦਾ ਹੈ। ਸਾਉਣ ਮਹੀਨਾ ਮੁਟਿਆਰਾਂ ਦਾ ਮੁੱਖ ਤਿਉਹਾਰ ਤੀਆਂ ਨੂੰ ਮਨਾਉਣ ਦਾ ਮੁੱਖ ਉਦੇਸ਼ ਹੈ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਵਿਦੇਸ਼ਾ ਵਿਚ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਂਭਣ ਦੇ ਲਈ ਇਕ ਨਿਮਾਣਾ ਜਿਹਾ ਉਪਰਾਲਾ ਹੈ। ਇਸ ਮੌਕੇ ਹਰਪ੍ਰੀਤ ਕੌਰ ਨਿਊ ਇੰਗਲੈਂਡ ਕਾਲਜ ਵਲੋ ਸਪਾਂਸਰਜ਼ ਅਤੇ ਪੇਸ਼ਕਾਰੀ ਕਰਨ ਵਾਲੀਆਂ ੁਮੁਟਿਆਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹੋਏ ਸਨਮਾਨ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਅਮਨਦੀਪ ਕੌਰ ਤੇ ਬਲਜੀਤ ਕੌਰ ਵਲੋਂ ਸਾਝੇ ਤੌਰ 'ਤੇ ਬਾਖੂਬੀ ਨਿਭਾਇਆ ਗਿਆ। ਅਖੀਰ 'ਚ ਰਾਤ ਵੇਲੇ 'ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ, ਤੀਆਂ ਤੀਜ ਦੀਆਂ'। ਬੋਲੀਆਂ ਪਾਉਂਦੀਆਂ ਹੋਈਆਂ ਮੁਟਿਆਰਾਂ ਆਪਣੇ-ਆਪਣੇ ਘਰਾਂ ਨੂੰ ਫਿਰ ਅਗਲੇ ਸਾਲ ਦੁਬਾਰਾ ਮਿਲਣ ਦੇ ਵਾਅਦੇ ਨਾਲ ਟੁਰ ਜਾਂਦੀਆਂ ਹਨ।


Related News