ਬੰਗਲਾਦੇਸ਼ ਦੀ ਅਰਥਵਿਵਸਥਾ ਲੀਹ ''ਤੇ ਲਿਆਉਣਾ ਸਰਵਉੱਚ ਪਹਿਲ : ਅੰਤ੍ਰਿਮ ਵਿੱਤੀ ਸਲਾਹਕਾਰ

Sunday, Aug 11, 2024 - 04:08 PM (IST)

ਬੰਗਲਾਦੇਸ਼ ਦੀ ਅਰਥਵਿਵਸਥਾ ਲੀਹ ''ਤੇ ਲਿਆਉਣਾ ਸਰਵਉੱਚ ਪਹਿਲ : ਅੰਤ੍ਰਿਮ ਵਿੱਤੀ ਸਲਾਹਕਾਰ

ਢਾਕਾ- ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੀ ਪ੍ਰਮੁੱਖ ਤਰਜੀਹ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣਾ ਅਤੇ ਬੈਂਕਾਂ ਵਿਚ ਲੋਕਾਂ ਦਾ ਭਰੋਸਾ ਬਹਾਲ ਕਰਨਾ ਹੈ। ਅੰਤ੍ਰਿਮ ਸਰਕਾਰ ਦੇ ਵਿੱਤ ਅਤੇ ਯੋਜਨਾ ਸਲਾਹਕਾਰ ਸਾਲੇਹੁਦੀਨ ਅਹਿਮਦ ਨੇ ਇਹ ਗੱਲ ਕਹੀ। ਅੰਤ੍ਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਬੰਗਲਾਦੇਸ਼ ਬੈਂਕ ਦੇ ਸਾਬਕਾ ਗਵਰਨਰ ਅਹਿਮਦ ਨੂੰ ਵਿੱਤ ਅਤੇ ਯੋਜਨਾ ਮੰਤਰਾਲਿਆਂ ਦਾ ਚਾਰਜ ਸੌਂਪ ਦਿੱਤਾ ਹੈ। ਯੂਨਸ ਨੇ ਸ਼ੁੱਕਰਵਾਰ ਨੂੰ ਆਪਣੀ 16 ਮੈਂਬਰੀ ਸਲਾਹਕਾਰ ਕੌਂਸਲ ਦੇ ਵਿਭਾਗਾਂ ਦਾ ਐਲਾਨ ਕੀਤਾ ਸੀ। ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੇ ਪਤਨ ਤੋਂ ਬਾਅਦ 5 ਅਗਸਤ ਨੂੰ 84 ਸਾਲਾ ਨੋਬਲ ਪੁਰਸਕਾਰ ਜੇਤੂ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਸੀ। ਵਿੱਤ ਅਤੇ ਯੋਜਨਾ ਸਲਾਹਕਾਰ ਦਾ ਅਹੁਦਾ ਸੰਭਾਲਣ ਤੋਂ ਬਾਅਦ, ਅਹਿਮਦ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਦੀ ਤਰਜੀਹ ਕੇਂਦਰੀ ਬੈਂਕ ਦਾ ਕੰਮਕਾਜ ਮੁੜ ਸ਼ੁਰੂ ਕਰਕੇ ਬੈਂਕਾਂ ਵਿਚ ਆਮ ਲੋਕਾਂ ਦਾ ਭਰੋਸਾ ਬਹਾਲ ਕਰਨਾ ਹੈ। 
ਸਰਕਾਰੀ ਨਿਊਜ਼ ਏਜੰਸੀ ਬੰਗਲਾਦੇਸ਼ ਸੰਗਬਾਦ ਸੰਸਥਾ (ਬੀ.ਐਸ.ਐਫ) ਨੇ ਅਹਿਮਦ ਦੇ ਹਵਾਲੇ ਨਾਲ ਕਿਹਾ,"ਉਸ ਤੋਂ ਬਾਅਦ ਅਸੀਂ ਸੁਧਾਰ ਲਿਆਉਣ 'ਤੇ ਕੰਮ ਕਰਾਂਗੇ... ਵੱਖ-ਵੱਖ ਕਾਰਨਾਂ ਕਰਕੇ ਦੇਸ਼ ਦੀ ਆਰਥਿਕਤਾ ਮੱਠੀ ਪੈ ਗਈ ਹੈ,। ਸਾਡਾ ਮਕਸਦ ਜਲਦੀ ਤੋਂ ਜਲਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ। ਇਕ ਵਾਰ ਆਰਥਿਕਤਾ ਰੁਕ ਜਾਂਦੀ ਹੈ ਤਾਂ ਇਸ ਨੂੰ ਮੁੜ ਚਾਲੂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹ ਰੁਕੇ।'' ਢਾਕਾ ਟ੍ਰਿਬਿਊਨ ਅਖਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ, ''ਆਰਥਿਕਤਾ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਹਨ। ਬੈਂਕਿੰਗ ਖੇਤਰ, ਮਹਿੰਗਾਈ ਅਤੇ ਹੋਰ ਕਈ ਪੇਚੀਦਗੀਆਂ ਨਾਲ ਜੁੜੇ ਮੁੱਦੇ ਹਨ। ਸਾਨੂੰ ਸਾਰੇ ਮੋਰਚਿਆਂ 'ਤੇ ਕੰਮ ਕਰਨਾ ਪਵੇਗਾ।'' ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਮੇਂ ਸਿਰਫ ਕਾਨੂੰਨ ਵਿਵਸਥਾ ਜਾਂ ਸੁਰੱਖਿਆ ਉਪਾਵਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਸਗੋਂ ਬੈਂਕਾਂ ਨੂੰ ਖੋਲ੍ਹਣ ਅਤੇ ਬੰਦਰਗਾਹਾਂ ਨੂੰ ਚਾਲੂ ਰੱਖਣ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ ਸੈਕਟਰ ਦੇ ਬੁਨਿਆਦੀ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ। 


author

Sunaina

Content Editor

Related News