'ਹਲਕ' ਵਾਂਗ ਦਿਸਣ ਲਈ ਰੋਜ਼ਾਨਾ ਕਰਦਾ ਸੀ ਅਜਿਹਾ ਕੰਮ ਕਿ ਮੌਤ ਦੇ ਮੂੰਹ ਜਾ ਪਿਆ ਬਾਡੀਬਿਲਡਰ
Wednesday, Aug 03, 2022 - 04:37 PM (IST)
ਰੀਓ ਡੀ ਜਨੇਰੀਓ- 'ਹਲਕ' ਦੇ ਨਾਮ ਨਾਲ ਜਾਣੇ ਜਾਂਦੇ ਬ੍ਰਾਜ਼ੀਲ ਦੇ ਇਕ ਬਾਡੀਬਿਲਡਰ ਅਤੇ ਟਿਕਟਾਕ ਸਟਾਰ ਵਾਲਦੀਰ ਸੇਗਾਟੋ ਨੇ ਮਸਲਜ਼ ਵਧਾਉਣ ਲਈ ਕੁਝ ਅਜਿਹਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬ੍ਰਾਜ਼ੀਲ ਦਾ ਇਹ ਬਾਡੀਬਿਲਡਰ 23 ਇੰਚ ਦੇ ਬਾਈਸੈਪਸ ਬਣਾਉਣ ਲਈ ਰੋਜ਼ਾਨਾ ਆਪਣੇ ਆਪ ਨੂੰ ਖ਼ਤਰਨਾਕ ਤੇਲ ਦੇ ਟੀਕੇ ਲਗਾ ਰਿਹਾ ਸੀ, ਜਿਸ ਕਾਰਨ ਰਿਬੇਰਾਓ ਪ੍ਰੀਟੋ ਵਿਚ 55ਵੇਂ ਜਨਮ ਦਿਨ ਦੇ ਮੌਕੇ 'ਤੇ ਉਸ ਦੀ ਮੌਤ ਹੋ ਗਈ। ਸਟ੍ਰੋਕ ਅਤੇ ਇਨਫੈਕਸ਼ਨ ਦੇ ਖ਼ਤਰੇ ਦੇ ਬਾਵਜੂਦ ਵਾਲਦੀਰ ਸੇਗਾਟੋ ਬਾਈਸੈਪਸ ਅਤੇ ਬੈਕ ਮਸਲਜ਼ ਵਧਾਉਣ ਲਈ ਲੰਬੇ ਸਮੇਂ ਤੋਂ ਸਿੰਥੌਲ ਇੰਜੈਕਸ਼ਨਾਂ ਦੀ ਵਰਤੋਂ ਕਰ ਰਿਹਾ ਸੀ। ਬ੍ਰਾਜ਼ੀਲ ਦੇ ਵੈੱਬ ਪੋਰਟਲ ਯੂਨੀਵਰਸੋ ਔਨਲਾਈਨ (UOL) ਦੇ ਅਨੁਸਾਰ ਵਾਲਦੀਰ ਨੂੰ 26 ਜੁਲਾਈ ਨੂੰ ਦੱਖਣ-ਪੂਰਬੀ ਬ੍ਰਾਜ਼ੀਲ ਦੇ ਰਿਬੇਰਾਓ ਪ੍ਰੀਟੋ ਵਿੱਚ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 2 ਪੰਜਾਬੀ ਵਿਦਿਆਰਥੀਆਂ ਦੀ ਮੌਤ
ਡੇਲੀ ਮੇਲ ਦੇ ਅਨੁਸਾਰ, ਵਾਲਦੀਰ ਨੇ ਸਾਲ 2016 ਵਿੱਚ ਦੱਸਿਆ ਸੀ ਕਿ ਲੋਕ ਉਸ ਨੂੰ ਹਰ ਸਮੇਂ ਸ਼ਵਾਰਜ਼ਨੇਗਰ, ਹਲਕ ਅਤੇ ਹੀ-ਮੈਨ ਦੇ ਨਾਵਾਂ ਨਾਲ ਬੁਲਾਉਂਦੇ ਹਨ ਅਤੇ ਉਸਨੂੰ ਇਹ ਸਭ ਸੁਣਨਾ ਚੰਗਾ ਲੱਗਦਾ ਹੈ। ਮੈਂ ਆਪਣੇ ਬਾਈਸੈਪਸ ਨੂੰ ਦੁੱਗਣਾ ਕਰ ਲਿਆ ਹੈ ਪਰ ਮੈਂ ਅਜੇ ਵੀ ਵੱਡੇ ਬਾਈਸੈਪਸ ਚਾਹੁੰਦਾ ਹਾਂ। 6 ਸਾਲ ਪਹਿਲਾਂ ਵਾਲਦੀਰ ਨੂੰ ਡਾਕਟਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਅਜਿਹਾ ਸਰੀਰ ਬਣਾਉਣ ਲਈ ਇੰਜੈਕਸ਼ਨਾਂ ਦੀ ਵਰਤੋਂ ਕਰਦਾ ਰਿਹਾ ਤਾਂ ਉਸ ਨੂੰ ਨਰਵ ਡੈਮੇਜ ਸਮੇਤ ਕਈ ਜਾਨਲੇਵਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਦੇ ਬਾਵਜੂਦ ਵਾਲਦੀਰ ਮਸਲਜ਼ ਵਧਾਉਣ ਲਈ ਇੰਜੈਕਸ਼ਨਾਂ ਦੀ ਵਰਤੋਂ ਕਰਦਾ ਰਿਹਾ।
ਇਹ ਵੀ ਪੜ੍ਹੋ: ਪਾਕਿ ਔਰਤਾਂ ਦੇ ਅੰਗ ਕੱਟ ਕੇ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ ਚੀਨੀ ਵਿਗਿਆਨੀ
ਲਗਾਤਾਰ ਟੀਕੇ ਲਗਾਉਣ ਤੋਂ ਬਾਅਦ ਵਾਲਦੀਰ ਦੇ ਮਸਲਜ਼ 23 ਇੰਚ ਹੋ ਗਏ, ਜਿਸ ਕਾਰਨ ਲੋਕ ਉਸ ਨੂੰ 'ਦਿ ਮੌਨਸਟਰ' ਕਹਿਣ ਲੱਗ ਪਏ, ਜਿਸ ਲਈ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ। ਵਾਲਦੀਰ ਸੋਸ਼ਲ ਮੀਡੀਆ 'ਤੇ ਆਪਣੇ ਸਰੀਰ ਦੇ ਪਰਿਵਰਤਨ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦਾ ਸੀ ਅਤੇ ਨਾਲ ਹੀ ਉਹ ਆਪਣੇ ਆਪ ਨੂੰ 'ਵਾਲਦੀਰ ਸਿੰਥੋਲ' ਕਹਿ ਕੇ ਬੁਲਾਉਂਦਾ ਸੀ। ਬ੍ਰਾਜ਼ੀਲੀਅਨ ਮੀਡੀਆ ਰਿਪੋਰਟਾਂ ਮੁਤਾਬਕ ਮੌਤ ਦੇ ਦਿਨ ਉਸ ਨੂੰ ਸਾਹ ਲੈਣ ਵਿਚ ਕਾਫ਼ੀ ਤਕਲੀਫ਼ ਹੋ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਗੁਆਂਢੀ ਤੋਂ ਮਦਦ ਮੰਗੀ ਸੀ ਅਤੇ ਕਿਹਾ ਕਿ ਮੇਰੀ ਮਦਦ ਕਰੋ, ਮੈਂ ਮਰ ਰਿਹਾ ਹਾਂ। ਇਸ ਮਗਰੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਹ ਰਿਸੈਪਸ਼ਨ ਏਰੀਆ ਵਿਚ ਹੀ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 65000 ਫੁੱਟ ਦੀ ਉਚਾਈ ਤੋਂ ਘਰ ਦੀ ਛੱਤ 'ਤੇ ਡਿੱਗਾ ਸਕਾਈਡਾਈਵਰ, ਹੋਈ ਮੌਤ