ਅਜੀਬ ਮਾਮਲਾ : ਇਕ ਬੱਚੀ ਦੇ ਹਨ ਜੁੜਵਾਂ ਪਿਤਾ, ਦੋਵੇਂ ਦੇਣਗੇ ਖਰਚਾ

Friday, Apr 05, 2019 - 02:58 PM (IST)

ਅਜੀਬ ਮਾਮਲਾ : ਇਕ ਬੱਚੀ ਦੇ ਹਨ ਜੁੜਵਾਂ ਪਿਤਾ, ਦੋਵੇਂ ਦੇਣਗੇ ਖਰਚਾ

ਬ੍ਰਾਸੀਲੀਆ (ਬਿਊਰੋ)— ਅਕਸਰ ਅਸੀਂ ਜੁੜਵਾਂ ਬੱਚਿਆਂ ਦੇ ਹੋਣ ਦੀ ਖਬਰ ਪੜ੍ਹਦੇ, ਦੇਖਦੇ ਜਾਂ ਸੁਣਦੇ ਹਾਂ। ਪਰ ਬ੍ਰਾਜ਼ੀਲ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ਵਿਚ ਇੱਥੇ ਵਿਚ ਇਕ ਬੱਚੀ ਦੇ ਜੁੜਵਾਂ ਪਿਤਾ ਰਜਿਸਟਰਡ ਕੀਤੇ ਗਏ ਹਨ ਕਿਉਂਕਿ ਪੈਟਰਨਿਸਟੀ ਟੈਸਟ ਇਹ ਪੁਸ਼ਟੀ ਕਰਨ ਵਿਚ ਅਸਮਰੱਥ ਰਿਹਾ ਕਿ ਬੱਚੀ ਦਾ ਅਸਲੀ ਪਿਤਾ ਕੌਣ ਹੈ। ਅਦਾਲਤ ਦੇ ਫੈਸਲੇ ਮੁਤਾਬਕ ਬੱਚੀ ਦੇ ਕਾਗਜ਼ਾਂ ਵਿਚ ਪਿਤਾ 'ਤੇ ਤੌਰ 'ਤੇ ਜੁੜਵਾਂ ਭਰਾਵਾਂ ਦੇ ਨਾਮ ਦਰਜ ਕੀਤੇ ਜਾਣਗੇ ਅਤੇ ਉਹ ਦੋਵੇਂ ਬੱਚੀ ਦੇ ਪਾਲਣ ਪੋਸ਼ਣ ਦੇ ਖਰਚ ਦੀ ਜ਼ਿੰਮੇਵਾਰੀ ਚੁੱਕਣਗੇ।

ਇਹ ਅਜੀਬੋ-ਗਰੀਬ ਮਾਮਲਾ ਬ੍ਰਾਜ਼ੀਲ ਦੇ ਗੋਇਯਾਸ ਸੂਬੇ ਦਾ ਹੈ। ਇੱਥੇ ਇਕ ਮਹਿਲਾ ਨੇ ਆਪਣੀ ਬੇਟੀ ਦੇ ਪਿਤਾ ਦੀ ਪਛਾਣ ਲਈ ਮੁਕੱਦਮਾ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਜਿਸ ਵਿਅਕਤੀ ਨਾਲ ਉਸ ਦਾ ਸਬੰਧ ਬਣਿਆ ਸੀ ਉਹ ਜੁੜਵਾਂ ਹੈ। ਇਸ ਕਾਰਨ ਉਹ ਬੱਚੀ ਦੇ ਅਸਲੀ ਪਿਤਾ ਦੀ ਪਛਾਣ ਕਰਨ ਵਿਚ ਅਸਮਰੱਥ ਹੈ। ਇਸ ਦੇ ਬਾਅਦ ਅਦਾਲਤ ਨੇ ਬੱਚੀ ਦੇ ਡੀ.ਐੱਨ.ਏ. ਜਾਂਚ ਦਾ ਫੈਸਲਾ ਲਿਆ। ਜੁੜਵਾਂ ਹੋਣ ਕਾਰਨ ਦੋਹਾਂ ਵਿਅਕਤੀਆਂ ਦੇ ਡੀ.ਐੱਨ.ਏ. ਬੱਚੀ ਨਾਲ ਮੈਚ ਕਰ ਗਏ। ਭਾਵੇਂਕਿ ਡੀ.ਐੱਨ.ਏ. ਜਾਂਚ ਦੇ ਬਾਅਦ ਵੀ ਦੋਹਾਂ ਭਰਾਵਾਂ ਵਿਚੋਂ ਕੋਈ ਵੀ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਦੋਹਾਂ ਵਿਚੋਂ ਬੱਚੀ ਦਾ ਅਸਲੀ ਪਿਤਾ ਕੌਣ ਹੈ। 

ਦੋਹਾਂ ਦੇ ਇਸ ਰਵੱਈਏ ਤੋਂ ਨਾਰਾਜ਼ ਜੱਜ ਨੇ ਅਨੋਖਾ ਫੈਸਲਾ ਸੁਣਾਇਆ। ਜੱਜ ਨੇ ਕਿਹਾ,''ਇਸ ਗੱਲ ਦੇ ਸਬੂਤ ਮਿਲੇ ਹਨ ਕਿ ਦੋਵੇਂ ਭਰਾ ਆਪਣੇ ਜੁੜਵਾਂ ਹੋਣ ਦਾ ਫਾਇਦਾ ਚੁੱਕਦਿਆਂ ਪਹਿਲਾਂ ਵੀ ਵੱਖ-ਵੱਖ ਮਾਮਲਿਆਂ ਵਿਚ ਬੱਚਦੇ ਰਹੇ ਹਨ। ਹੁਣ ਵੀ ਇਸੇ ਗੱਲ ਦਾ ਫਾਇਦਾ ਚੁੱਕ ਰਹੇ ਹਨ।'' ਜੱਜ ਨੇ ਫੈਸਲਾ ਸੁਣਾਇਆ ਕਿ ਬੱਚੀ ਦੇ ਕਾਗਜ਼ਾਂ 'ਤੇ ਪਿਤਾ ਦੇ ਰੂਪ ਵਿਚ ਦੋਹਾਂ ਦਾ ਨਾਮ ਲਿਖਿਆ ਜਾਵੇਗਾ। ਦੋਵੇਂ ਹੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਚੁੱਕਣਗੇ। ਦੋਵੇਂ ਭਰਾ ਮਿਲ ਕੇ ਮਹਿਲਾ ਨੂੰ ਬ੍ਰਾਜ਼ੀਲ ਵਿਚ ਸਰਕਾਰੀ ਤੌਰ 'ਤੇ ਘੱਟੋ-ਘੱਟ ਤਨਖਾਹ ਦੇ 30 ਫੀਸਦੀ ਦੇ ਬਰਾਬਰ ਦਾ ਖਰਚ ਦੇਣਗੇ। ਬੱਚੀ ਦੀ ਪੜ੍ਹਾਈ 'ਤੇ ਹੋਣ ਵਾਲਾ ਅੱਧਾ ਖਰਚ ਵੀ ਦੋਵੇਂ ਦੇਣਗੇ। ਜਾਣਕਾਰੀ ਮੁਤਾਬਕ ਬੱਚੀ ਫਿਲਹਾਲ 9 ਸਾਲ ਦੀ ਹੋ ਚੁੱਕੀ ਹੈ।


author

Vandana

Content Editor

Related News