ਕੋਰੋਨਾ ਵਾਇਰਸ : ਮ੍ਰਿਤਕਾਂ ਦੇ ਮਾਮਲਿਆਂ ''ਚ ਦੂਜੇ ਨੰਬਰ ''ਤੇ ਪੁੱਜਾ ਬ੍ਰਾਜ਼ੀਲ, ਹਾਲਾਤ ਖਰਾਬ
Saturday, Jun 13, 2020 - 10:08 AM (IST)
ਸਾਓ ਪਾਓਲੋ- ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਾਰਨ 41,828 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਬ੍ਰਿਟੇਨ ਤੋਂ ਵੀ ਵਧੇਰੇ ਹੋ ਗਈ ਹੈ ਤੇ ਹੁਣ ਮ੍ਰਿਤਕਾਂ ਦੇ ਮਾਮਲੇ ਵਿਚ ਇਹ ਵਿਸ਼ਵ ਵਿਚ ਦੂਜੇ ਸਥਾਨ 'ਤੇ ਪੁੱਜ ਗਿਆ ਹੈ। ਇਸ ਮਾਮਲੇ ਵਿਚ ਅਮਰੀਕਾ ਪਹਿਲੇ ਸਥਾਨ 'ਤੇ ਹੈ। ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨਾ ਬਹੁਤ ਵੱਡੀ ਚੁਣੌਤੀ ਹੈ।
ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਕਾਰਨ ਪਿਛਲੇ 24 ਘੰਟੇ ਵਿਚ 909 ਲੋਕਾਂ ਦੀ ਮੌਤ ਹੋਈ। ਇਹ ਲਾਤੀਨੀ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ ਤੇ ਇੱਥੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 8,28,810 ਹੈ। ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਣ ਦੇ ਬਾਵਜੂਦ ਸੂਬਿਆਂ ਅਤੇ ਸ਼ਹਿਰਾਂ ਨੇ ਤਕਰੀਬਨ ਦੋ ਮਹੀਨੇ ਪਹਿਲਾਂ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਬ੍ਰਾਜ਼ੀਲ ਵਿਚ ਸਭ ਤੋਂ ਵੱਧ ਪ੍ਰਭਾਵਿਤ ਸਾਓ ਪਾਓਲੋ ਵਿਚ ਦਿਨ ਸਮੇਂ 4 ਘੰਟੇ ਦੁਕਾਨਾਂ ਤੇ ਮਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।