ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕ੍ਰਿਸਮਸ ਮੌਕੇ ਇਹਨਾਂ ਲੋਕਾਂ ਨੂੰ ਦਿੱਤੀ ਮੁਆਫੀ

Wednesday, Dec 25, 2019 - 11:40 AM (IST)

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕ੍ਰਿਸਮਸ ਮੌਕੇ ਇਹਨਾਂ ਲੋਕਾਂ ਨੂੰ ਦਿੱਤੀ ਮੁਆਫੀ

ਬ੍ਰਾਸੀਲੀਆ (ਭਾਸ਼ਾ): ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਕ੍ਰਿਸਮਸ ਮੌਕੇ ਗੈਰ ਇਰਾਦੇ ਵਾਲੇ ਅਪਰਾਧਾਂ ਵਿਚ ਸ਼ਾਮਲ ਪੁਲਸ ਅਧਿਕਆਰੀਆਂ ਨੂੰ ਮੁਆਫੀ ਦੇਣ ਦਾ ਐਲਾਨ ਕੀਤਾ। ਇਹ ਮੁਆਫੀ ਉਹਨਾਂ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਜਿਹਨਾਂ ਕੋਲੋਂ ਆਤਮ ਰੱਖਿਆ ਵਿਚ ਜਾਂ ਮੌਕੇ ਦੀ ਗੰਭੀਰਤਾ ਦੇ ਕਾਰਨ ਕੋਈ ਅਪਰਾਧ ਹੋਇਆ ਸੀ। ਇਹ ਛੋਟ ਸਿਰਫ ਉਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਸਜ਼ਾ ਦਾ ਘੱਟ ਤੋਂ ਘੱਟ 6ਵਾਂ ਹਿੱਸਾ ਕੱਟ ਚੁੱਕੇ ਹਨ। ਕਾਨੂੰਨ ਅਤੇ ਵਿਵਸਥਾ ਨੂੰ ਲੈ ਕੇ ਕੀਤੇ ਗਏ ਵਾਅਦਿਆਂ ਦੇ ਆਧਾਰ 'ਤੇ ਚੁਣੇ ਗਏ ਬੋਲਸਨਾਰੋ ਨੇ ਪੁਲਸ ਦੀ ਰੱਖਿਆ ਦਾ ਵਾਅਦਾ ਕਰਦਿਆਂ ਕਿਹਾ ਸੀ ਕਿ ਅਪਰਾਧੀਆਂ ਦਾ ਸਫਾਇਆ ਕਰਨ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਨੂੰ ਤਾਂ ਪਦਕ ਦਿੱਤਾ ਜਾਣਾ ਚਾਹੀਦਾ ਹੈ।  

ਉਹਨਾਂ ਨੇ ਰਾਸ਼ਟਰਪਤੀ ਅਹੁਦੇ ਦਾ ਕੰਮਕਾਜ ਸੰਭਾਲਣ ਤੋਂ ਪਹਿਲਾਂ ਕਿਹਾ ਸੀ ਕਿ ਉਹਨਾਂ ਦਾ ਪ੍ਰਸ਼ਾਸਨ ਕਿਸੇ ਨੂੰ ਵੀ ਮੁਆਫੀ ਨਹੀਂ ਦੇਵੇਗਾ ਪਰ ਇਸ ਮਹੀਨੇ ਦੀ ਸ਼ੁਰੂਆਤ ਵਿਚ ਉਹਨਾਂ ਨੇ ਪੁਲਸ ਅਧਿਕਾਰੀਆਂ ਨੂੰ ਮੁਆਫ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਉਹਨਾਂ ਦਾ ਇਹ ਫੈਸਲਾ ਵਿਵਾਦਮਈ ਹੈ ਕਿਉਂਕਿ ਬ੍ਰਾਜ਼ੀਲ ਦੀ ਪੁਲਸ ਵੱਲੋਂ ਕੀਤੀਆਂ ਜਾਣ ਵਾਲੀਆਂ ਗੈਰ ਕਾਨੂੰਨੀ ਹੱਤਿਆਵਾਂ ਨੂੰ ਆਤਮ ਰੱਖਿਆ ਵਿਚ ਚੁੱਕਿਆ ਗਿਆ ਕਦਮ ਦੱਸ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਨੇ ਉਹਨਾਂ ਕੈਦੀਆਂ ਨੂੰ ਵੀ ਮੁਆਫੀ ਦਿੱਤੀ ਜੋ ਗੰਭੀਰ ਰੂਪ ਨਾਲ ਬੀਮਾਰ ਹਨ ਜਾਂ ਜਿਹਨਾਂ ਨੂੰ ਅਜਿਹੇ ਰੋਗ ਹਨ ਜੋ ਠੀਕ ਨਹੀਂ ਹੋ ਸਕਦੇ।


author

Vandana

Content Editor

Related News