ਦੁਨੀਆ ''ਚ ਪਹਿਲੀ ਵਾਰ ''ਡਬਲ ਇਨਫੈਕਸ਼ਨ'', ਇਕੋ ਸਮੇਂ 2 ਕੋਰੋਨਾ ਵੈਰੀਐਂਟ ਨਾਲ ਮਰੀਜ਼ ਪੀੜਤ

Tuesday, Feb 02, 2021 - 06:01 PM (IST)

ਦੁਨੀਆ ''ਚ ਪਹਿਲੀ ਵਾਰ ''ਡਬਲ ਇਨਫੈਕਸ਼ਨ'', ਇਕੋ ਸਮੇਂ 2 ਕੋਰੋਨਾ ਵੈਰੀਐਂਟ ਨਾਲ ਮਰੀਜ਼ ਪੀੜਤ

 ਬ੍ਰਾਸੀਲੀਆ (ਬਿਊਰੋ): ਦੁਨੀਆ ਵਿਚ ਪਹਿਲੀ ਵਾਰ ਕੋਰੋਨਾ ਦੇ 'ਡਬਲ ਇਨਫੈਕਸ਼ਨ' ਦੇ ਮਾਮਲੇ ਸਾਹਮਣੇ ਆਏ ਹਨ। ਬ੍ਰਾਜ਼ੀਲ ਦੇ ਮਰੀਜ਼ਾਂ ਦੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਦੋ ਕੋਰੋਨਾ ਮਰੀਜ਼ ਇਕ ਹੀ ਸਮੇਂ ਵਿਚ ਦੋ ਕੋਰੋਨਾ ਵੈਰੀਐਂਟ ਨਾਲ ਪੀੜਤ ਹੋ ਗਏ। ਬ੍ਰਾਜ਼ੀਲ ਦੀ Feevale ਯੂਨੀਵਰਸਿਟੀ ਦੇ ਖੋਜੀਆਂ ਨੇ 90 ਪੀੜਤ ਮਰੀਜ਼ਾਂ ਦੇ ਸੈਂਪਲ ਦਾ ਅਧਿਐਨ ਕੀਤਾ ਸੀ, ਜਿਸ ਦੌਰਾਨ ਇਹ ਨਤੀਜਾ ਮਿਲਿਆ। 

ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਜਿਹੜੇ ਦੋ ਲੋਕਾਂ ਵਿਚ ਡਬਲ ਇਨਫੈਕਸ਼ਨ ਦੀ ਜਾਣਕਾਰੀ ਮਿਲੀ ਹੈ, ਉਹਨਾਂ ਦੇ ਸੈਂਪਲ ਉੱਤਰੀ ਬ੍ਰਾਜ਼ੀਲ ਦੇ ਰਿਓ ਗ੍ਰਾਂਡੇ ਡੋ ਸੁਲ ਤੋਂ ਲਏ ਗਏ ਸਨ। ਪਹਿਲਾ ਮਰੀਜ਼ ਦੋ ਬ੍ਰਾਜ਼ੀਲੀ ਕੋਰੋਨਾ ਵੈਰੀਐਂਟ ਨਾਲ ਪੀੜਤ ਪਾਇਆ ਗਿਆ। ਇਹਨਾਂ ਵੈਰੀਐਂਟ ਨੂੰ P.1ਅਤੇ P.2 ਨਾਮ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ P.1ਅਤੇ P.2 ਵੈਰੀਐਂਟ ਬ੍ਰਾਜ਼ੀਲ ਦੇ ਹੀ ਵੱਖ-ਵੱਖ ਰਾਜਾਂ ਵਿਚ ਪਹਿਲੀ ਵਾਰ ਪਾਏ ਗਏ ਸਨ। P.1ਵੈਰੀਐਂਟ ਨੂੰ ਲੈਕੇ ਵੱਧ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਸਮਝਿਆ ਜਾ ਰਿਹਾ ਹੈ ਕਿ ਵੈਕਸੀਨ ਦਾ ਅਸਰ ਇਸ ਵੈਰੀਐਂਟ 'ਤੇ ਘੱਟ ਹੋ ਸਕਦਾ ਹੈ। 

ਡਬਲ ਇਨਫੈਕਸ਼ਨ ਦਾ ਸ਼ਿਕਾਰ ਦੂਜਾ ਮਰੀਜ਼ P.2 ਅਤੇ B.1.91ਵੈਰੀਐਂਟ ਨਾਲ ਇਕੱਠਾ ਪੀੜਤ ਮਿਲਿਆ। B.1.91 ਵੈਰੀਐਂਟ ਪਹਿਲੀ ਵਾਰ ਸਵੀਡਨ ਵਿਚ ਮਿਲਿਆ ਸੀ। ਬ੍ਰਾਜ਼ੀਲ ਦੇ ਵਿਗਿਆਨੀਆਂ ਦੀ ਇਸ ਖੋਜ ਦੀ ਸੁਤੰਤਰ ਰੂਪ ਨਾਲ ਪੁਸ਼ਟੀ ਕੀਤੀ ਜਾਣੀ ਬਾਕੀ ਹੈ ਪਰ ਦੁਨੀਆ ਭਰ ਦੇ ਕਈ ਮਾਹਰਾਂ ਨੇ ਕਿਹਾ ਹੈ ਕਿ ਇਕੋ ਸਮੇਂ ਦੋ ਵੈਰੀਐਂਟ ਨਾਲ ਮਰੀਜ਼ ਦਾ ਪੀੜਤ ਹੋਣਾ ਸੰਭਵ ਹੈ। ਲੰਡਨ ਵਿਚ ਫ੍ਰਾਂਸਿਸ ਕਿਕ ਇੰਸਟੀਚਿਊਟ ਦੇ ਵਰਲਡਵਾਈਡ ਇੰਫਲੂਐਂਜਾ ਸੈਂਟਰ ਦੇ ਡਾਇਰੈਕਟਰ ਡਾਕਟਰ ਜੌਨ ਮੈਕੁਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਕ ਹੀ ਸਮੇਂ ਵਿਚ ਮਰੀਜ਼ ਦੋ ਸਟ੍ਰੇਨ ਨਾਲ ਪੀੜਤ ਹੋ ਸਕਦਾ ਹੈ। ਅਜਿਹਾ ਫਲੂ ਦੇ ਨਾਲ ਵੀ ਹੁੰਦਾ ਹੈ। 

ਉਹਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੈਵਿਕ ਰੂਪ ਨਾਲ ਇਹ ਵੀ ਸੰਭਵ ਹੈ ਕਿ ਦੋਵੇਂ ਕੋਰੋਨਾ ਵੈਰੀਐਂਟ ਮਰੀਜ਼ ਦੇ ਸਰੀਰ ਵਿਚ ਇਕ-ਦੂਜੇ ਦਾ ਮੁਕਾਬਲਾ ਕਰਨ ਅਤੇ ਜੈਨੇਟਿਕ ਕੋਡ ਦੀ ਅਦਲਾ-ਬਦਲੀ ਵੀ ਕਰਨ। ਫਿਲਹਾਲ ਬ੍ਰਾਜ਼ੀਲ ਦੀ Feevale ਯੂਨੀਵਰਸਿਟੀ ਦੇ ਇਸ ਅਧਿਐਨ ਨੂੰ ਕਿਸੇ ਜਨਰਲ ਵਿਚ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਹੋਰ ਵਿਗਿਆਨੀਆਂ ਨੇ ਇਸ ਦਾ ਰੀਵੀਊ ਕੀਤਾ ਹੈ ਪਰ ਅਧਿਐਨ ਦੇ ਪ੍ਰਮੁੱਖ ਖੋਜੀ ਫਰਨਾਡੋ ਸਪਿਲਕੀ ਨੇ ਡਰ ਜ਼ਾਹਰ ਕੀਤਾ ਹੈ ਕਿ ਕੋ-ਇਨਫੈਕਸ਼ਨ (ਇਕੱਠੇ ਕਈ ਇਨਫੈਕਸ਼ਨ) ਨਾਲ ਨਵਾਂ ਕੋਰੋਨਾ ਵੈਰੀਐਂਟ ਹੋਰ ਤੇਜ਼ੀ ਨਾਲ ਫੈਲ ਸਕਦਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਇਕ ਸੀਨੀਅਰ ਵਿਗਿਆਨੀ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਇਹ ਵੀ ਕਿਹਾ ਹੈ ਕਿ ਇਹ ਵੀ ਸੰਭਵ ਹੈ ਕਿ ਬ੍ਰਾਜ਼ੀਲ ਦੇ ਵਿਗਿਆਨੀਆਂ ਨੇ ਸੀਕਵੈਂਸਿੰਗ ਦੌਰਾਨ ਸੈਂਪਲ ਨੂੰ ਗਲਤੀ ਨਾਲ ਇਕ-ਦੂਜੇ ਨਾਲ ਮਿਲਾ ਦਿੱਤਾ ਹੋਵੇ, ਜਿਸ ਕਾਰਨ ਗਲਤ ਨਤੀਜਾ ਆਇਆ ਹੋਵੇ। ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਰੋਜ਼ ਕਰੀਬ ਇਕ ਹਜ਼ਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਰਹੀ ਹੈ।

ਨੋਟ- ਦੁਨੀਆ 'ਚ ਪਹਿਲੀ ਵਾਰ ਇਕੋ ਸਮੇਂ 2 ਕੋਰੋਨਾ ਵੈਰੀਐਂਟ ਨਾਲ ਮਰੀਜ਼ ਪੀੜਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News