ਬਰੈਂਪਟਨ 'ਚ ਪੰਜਾਬੀ ਨੇ ਕੁੜੀ ਨੂੰ ਮਾਰ ਖੁਦ ਵੀ ਕੀਤਾ ਸੁਸਾਇਡ : ਰਿਪੋਰਟ (ਵੀਡੀਓ)

12/11/2019 10:48:07 AM

ਬਰੈਂਪਟਨ, (ਏਜੰਸੀ)— ਸਥਾਨਕ ਬਿਗ ਹੋਰਨ ਕੰਸਰਟ ਏਰੀਏ 'ਚ ਰਹਿਣ ਵਾਲੇ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਦੀ ਪਛਾਣ 35 ਸਾਲਾ ਨਵਦੀਪ ਸਿੰਘ ਅਤੇ 27 ਸਾਲਾ ਸ਼ਰਣਜੀਤ ਕੌਰ ਟੋਰਾਂਟੋ ਦੇ ਰੂਪ 'ਚ ਹੋਈ ਹੈ। ਬਰੈਂਪਟਨ ਪੁਲਸ ਨੇ ਦੱਸਿਆ ਕਿ ਘਟਨਾ ਐਤਵਾਰ ਦੀ ਹੈ। ਪੁਲਸ ਰਿਪੋਰਟ ਮੁਤਾਬਕ ਸ਼ੁਰੂਆਤੀ ਜਾਂਚ ਤੇ ਬੇਸਮੈਂਟ 'ਚੋਂ ਮਿਲੀਆਂ ਲਾਸ਼ਾਂ ਅਤੇ ਕ੍ਰਾਇਮ ਸੀਨ ਦੀ ਜਾਂਚ ਤੋਂ ਲੱਗਦਾ ਹੈ ਕਿ ਨਵਦੀਪ ਨੇ ਪਹਿਲਾਂ ਸ਼ਰਣਜੀਤ ਕੌਰ ਦਾ ਕਤਲ ਕੀਤਾ ਤੇ ਫਿਰ ਆਤਮਹੱਤਿਆ ਕਰ ਲਈ।  ਪੁਲਸ ਮੁਤਾਬਕ ਸ਼ਰਣਜੀਤ ਕੌਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਮਿਸੰਗ ਪਰਸਨ ਵਿਭਾਗ ਇਸ ਸਬੰਧੀ ਜਾਂਚ ਕਰ ਰਿਹਾ ਸੀ।

ਬਰੈਂਪਟਨ ਗਾਰਜੀਅਨ ਨਿਊਜ਼ ਏਜੰਸੀ ਮੁਤਾਬਕ ਸ਼ਰਣਜੀਤ ਦੀ ਇਕ ਸਹੇਲੀ ਨੇ ਦੱਸਿਆ ਕਿ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਸ਼ਰਣਜੀਤ ਤੇ ਨਵਦੀਪ ਦੀ ਦੋਸਤੀ ਹੈ। ਸ਼ਰਣਜੀਤ ਨਾਲ ਸੰਪਰਕ ਨਾ ਹੋਣ ਕਾਰਨ 8 ਦਸੰਬਰ, ਭਾਵ ਐਤਵਾਰ ਦੀ ਰਾਤ ਨੂੰ ਪਰਿਵਾਰ ਨੂੰ ਚਿੰਤਾ ਹੋ ਗਈ।
ਪੀਲ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਨੂੰ ਅਗਲੇ ਦਿਨ ਬੇਸਮੈਂਟ 'ਚੋਂ ਸ਼ਰਣਜੀਤ ਤੇ ਨਵਦੀਪ ਦੀਆਂ ਲਾਸ਼ਾਂ ਮਿਲੀਆਂ। ਇੰਸਪੈਕਟਰ ਮਾਰਟੀ ਓਟਾਵੇ ਮੁਤਾਬਕ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ। ਸਾਲ 2019 'ਚ ਇਹ 27ਵਾਂ ਕਤਲ ਕੇਸ ਦਰਜ ਕੀਤਾ ਗਿਆ ਹੈ। ਸ਼ਰਣਜੀਤ ਕੌਰ ਦੇ ਇੰਪਲੋਅਰ ਮੁਤਾਬਕ ਉਨ੍ਹਾਂ ਨੂੰ ਉਸ ਦੇ ਗੈਰ-ਹਾਜ਼ਰ ਰਹਿਣ ਬਾਰੇ ਕੋਈ ਨੋਟਿਸ ਨਹੀਂ ਮਿਲਿਆ ਸੀ। ਕੌਰ ਦੀ ਸਹੇਲੀ ਨੇ ਦੱਸਿਆ ਕਿ ਉਸ ਦੀ ਸ਼ਨੀਵਾਰ ਨੂੰ ਉਸ ਨਾਲ ਮੈਸਜ 'ਤੇ ਗੱਲਬਾਤ ਹੋਈ ਸੀ।


Related News