ਬਰੈਂਪਟਨ ਦਾ ਇਕ ਅਧਿਆਪਕ ਯੂ. ਕੇ. ''ਚ ਫੈਲੇ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਹੋਇਆ ਸ਼ਿਕਾਰ

02/11/2021 2:41:46 PM

ਬਰੈਂਪਟਨ- ਬਰੈਂਪਟਨ ਦੇ ਇਕ ਅਧਿਆਪਕ ਵਿਚ ਯੂ. ਕੇ. ਵਿਚ ਮਿਲੇ ਕੋਰੋਨਾ ਦੇ ਨਵੇਂ ਰੂਪ ਦੇ ਲੱਛਣ ਮਿਲੇ ਹਨ। ਇਹ ਅਧਿਆਪਕ ਬਰੈਂਪਟਨ ਦੇ ਹਾਈ ਸਕੂਲ ਵਿਚ ਪੜ੍ਹਾਉਂਦਾ ਹੈ।  ਡੁਫਰਿਨ ਪੀਲ ਕੈਥੋਲਿਕ ਡਿਸਟ੍ਰਿਕ ਸਕੂਲ ਬੋਰਟ ਨੇ ਬੁੱਧਵਾਰ ਨੂੰ ਦੱਸਿਆ ਕਿ ਦੋ ਅਧਿਆਪਕਾਂ ਵਿਚ ਕੋਰੋਨਾ ਦੇ ਲੱਛਣ ਮਿਲੇ ਸਨ ਤੇ ਟੈਸਟ ਮਗਰੋਂ ਇਕ ਅਧਿਆਪਕ ਵਿਚ ਇਸ ਨਵੇਂ ਵੇਰੀਐਂਟ ਦੇ ਲੱਛਣ ਹਨ। ਸਕੂਲ ਬੋਰਡ ਦੇ ਟਰੱਸਟੀ ਨੇ ਦੱਸਿਆ ਕਿ ਇਹ ਅਧਿਆਪਕ ਸੈਂਟ ਰੋਚ ਕੈਥੋਲਿਕ ਸੈਕੰਡਰੀ ਸਕੂਲ ਦੇ ਹਨ ਅਤੇ ਅਜੇ ਇਹ ਵਿਦਿਆਰਥੀਆਂ ਨੂੰ ਆਨਲਾਈਨ ਹੀ ਪੜ੍ਹਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਅਧਿਆਪਕਾਂ ਨੇ ਜਿੰਮ ਵਿਚ ਇਕੱਠੇ ਕਸਰਤ ਵੀ ਕੀਤੀ ਸੀ। ਕਈ ਵਾਰ ਇਹ ਦੋਵੇਂ ਬਿਨਾਂ ਮਾਸਕ ਦੇ ਵੀ ਦੇਖੇ ਗਏ ਸਨ। 

ਪੀਲ ਰੀਜਨ ਦੇ ਮੈਡੀਕਲ ਅਧਿਕਾਰੀ ਡਾਕਟਰ ਲਾਰੈਂਸ ਲੋਹ ਨੇ ਦੱਸਿਆ ਕਿ ਇਸ ਮਾਮਲੇ ਦੀ ਉਹ ਜਾਂਚ ਕਰ ਰਹੇ ਹਨ ਤੇ ਪਤਾ ਲਗਾ ਰਹੇ ਹਨ ਕਿ ਉਹ ਹੋਰ ਕਿੰਨੇ ਕੁ ਲੋਕਾਂ ਦੇ ਸੰਪਰਕ ਵਿਚ ਆਏ ਸਨ। ਜ਼ਿਕਰਯੋਗ ਹੈ ਕਿ ਫਿਲਹਾਲ ਸਕੂਲਾਂ ਵਿਚ ਪੜ੍ਹਾਈ ਨਹੀਂ ਹੋ ਰਹੀ ਤੇ ਬੱਚੇ ਘਰੋਂ ਹੀ ਪੜ੍ਹ ਰਹੇ ਹਨ, ਇਸ ਕਾਰਨ ਬਾਕੀ ਵਿਦਿਆਰਥੀਆਂ ਦਾ ਬਚਾਅ ਹੋ ਗਿਆ। ਜੇਕਰ ਇਨ੍ਹਾਂ ਅਧਿਆਪਕਾਂ ਦੇ ਸੰਪਰਕ ਵਿਚ ਵਿਦਿਆਰਥੀ ਆ ਜਾਂਦੇ ਤਾਂ ਵੱਡੀ ਪਰੇਸ਼ਾਨੀ ਖੜ੍ਹੀ ਹੋ ਸਕਦੀ ਸੀ। 

ਜ਼ਿਕਰਯੋਗ ਹੈ ਕਿ ਪੀਲ ਰੀਜਨ ਵਿਚ 23 ਲੋਕ ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਪੀੜਤ ਹਨ। ਸੂਬੇ ਵਿਚ 228 ਲੋਕ ਯੂ.ਕੇ. ਤੋਂ ਫੈਲੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਸ਼ਿਕਾਰ ਹਨ ਜਦਕਿ 3 ਮਾਮਲੇ ਦੱਖਣੀ ਅਫਰੀਕਾ ਵਿਚ ਫੈਲੇ ਨਵੇਂ ਵੇਰੀਐਂਟ ਨਾਲ ਸਬੰਧਤ ਹਨ। ਦੱਸ ਦਈਏ ਕਿ ਪੀਲ ਰੀਜਨ, ਟੋਰਾਂਟੋ ਤੇ ਯਾਰਕ ਰੀਜਨ ਵਿਚ ਅਗਲੇ ਹਫ਼ਤੇ ਸਕੂਲ ਖੁੱਲ੍ਹਣੇ ਹਨ। 


Lalita Mam

Content Editor

Related News