ਹੱਸਦੇ-ਖੇਡਦੇ ਪਰਿਵਾਰ ਨੂੰ ਪਲਾਂ ''ਚ ਉਜਾੜਣ ਵਾਲੇ ਦੋਸ਼ੀ ਨੂੰ ਨਹੀਂ ਮਿਲੀ ਜ਼ਮਾਨਤ
Saturday, Aug 22, 2020 - 03:59 PM (IST)

ਬਰੈਂਪਟਨ- ਜੂਨ ਮਹੀਨੇ ਬਰੈਂਪਟਨ ਵਿਚ ਇਕ ਸੜਕ ਹਾਦਸੇ ਵਿਚ ਸ਼ਿਕਾਰ ਹੋਈਆਂ 3 ਧੀਆਂ ਤੇ ਉਨ੍ਹਾਂ ਦੀ ਮਾਂ ਦੀ ਮੌਤ ਦੇ ਦੋਸ਼ੀ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਦੋਸ਼ੀ 20 ਸਾਲਾ ਬਰੈਡੀ ਰਾਬਰਟਸਨ 'ਤੇ 4 ਦੋਸ਼ ਲੱਗੇ ਹਨ। 37 ਸਾਲਾ ਕੈਰੋਲੀਨਾ ਆਪਣੀਆਂ 3 ਧੀਆਂ ਜਿਨ੍ਹਾਂ ਦੀ ਉਮਰ 6 ਸਾਲ, ਤਿੰਨ ਸਾਲ ਤੇ ਇਕ ਸਾਲ ਸੀ, ਘੁੰਮਣ ਨਿਕਲੀਆਂ ਸਨ ਕਿ ਉਨ੍ਹਾਂ ਦੀ ਕਾਰ ਨਾਲ ਇਕ ਵਾਹਨ ਟਕਰਾ ਗਿਆ ਤੇ ਹੱਸਦਾ-ਖੇਡਦਾ ਪਰਿਵਾਰ ਪਲਾਂ ਵਿਚ ਉੱਜੜ ਗਿਆ। ਪੁਲਸ ਨੇ ਦੱਸਿਆ ਕਿ ਤਿੰਨੋਂ ਬੱਚੇ ਬੱਚਿਆਂ ਵਾਲੀ ਸੀਟ 'ਤੇ ਬੈਠੇ ਸਨ। ਰਾਬਰਟਸਨ 'ਤੇ ਤੇਜ਼ੀ ਨਾਲ ਵਾਹਨ ਚਲਾਉਣ ਅਤੇ ਤਿੰਨਾਂ ਦੀ ਮੌਤ ਦਾ ਕਾਰਨ ਬਣਨ ਦਾ ਦੋਸ਼ ਹੈ। ਕੋਰੋਨਾ ਵਾਇਰਸ ਕਾਰਨ ਉਸ ਦੀ ਵਰਚੁਅਲ ਸੁਣਵਾਈ ਹੋਈ। ਇਸ ਦੌਰਾਨ ਦਰਜਨਾਂ ਲੋਕ ਤੇ ਇਸ ਪਰਿਵਾਰ ਦੇ ਮੈਂਬਰ ਨਿਆਂ ਮੰਗਣ ਲਈ ਸੜਕਾਂ 'ਤੇ ਉੱਤਰੇ।
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦਾ ਫੈਸਲਾ ਸਖਤਾਈ ਨਾਲ ਲਿਆ ਜਾਵੇ ਤਾਂ ਕਿ ਕੋਈ ਹੋਰ ਅਜਿਹੀ ਅਣਗਹਿਲੀ ਕਰਨ ਤੋਂ ਬਚੇ ਤੇ ਲੋਕਾਂ ਦੇ ਪਰਿਵਾਰ ਉੱਜੜਨ ਤੋਂ ਬਚ ਸਕਣ। ਨਿਆਂ ਮੰਗਣ ਵਾਲਿਆਂ ਨੇ ਹੱਥਾਂ ਵਿਚ ਚਾਰਾਂ ਮ੍ਰਿਤਕਾਂ ਦੀਆਂ ਤਸਵੀਰਾਂ ਫੜੀਆਂ ਸਨ। ਪਰਿਵਾਰ ਵਾਲਿਆਂ ਨੇ ਕਿਹਾ ਕਿ ਦੋਸ਼ੀ ਦੀ ਇਕ ਗਲਤੀ ਕਾਰਨ ਉਨ੍ਹਾਂ ਦਾ ਪਰਿਵਾਰ ਖਤਮ ਹੋ ਗਿਆ ਤੇ ਉਹ ਕਦੇ ਵਾਪਸ ਨਹੀਂ ਆਉਣਗੇ।