9 ਸਾਲਾ ਬੱਚੇ ਦੇ ਵੱਜੀ ਗੋਲੀ, ਗਲ਼ੇ ''ਚ ਲਟਕ ਰਹੇ ਕ੍ਰਾਸ ਦੇ ਲਾਕੇਟ ਨੇ ਬਚਾਈ ਜਾਨ

1/10/2021 10:44:42 AM

ਬਿਊਨਸ ਆਇਰਸ- ਲਾਤੀਨੀ ਅਮਰੀਕੀ ਦੇਸ਼ ਅਰਜਨਟੀਨਾ ਵਿਚ 9 ਸਾਲ ਦੇ ਇਕ ਬੱਚੇ ਨੂੰ ਮੌਤ ਨੇੜਿਓਂ ਛੂਹ ਕੇ ਚਲੀ ਗਈ ਤੇ ਬੱਚੇ ਦੀ ਜਾਨ ਬਚ ਗਈ। ਈਸਾਈ ਬਹੁਲਤਾ ਵਾਲੇ ਇਸ ਦੇਸ਼ ਵਿਚ ਇਕ 9 ਸਾਲਾ ਬੱਚਾ ਖੇਡ ਰਿਹਾ ਸੀ ਅਤੇ ਉਸ ਦੇ ਗਲ਼ੇ ਵਿਚ ਕ੍ਰਾਸ ਦਾ ਲਾਕੇਟ ਸੀ। ਅਚਾਨਕ ਇਕ ਵਿਅਕਤੀ ਨੇ ਬੱਚੇ 'ਤੇ ਗੋਲੀ ਚਲਾਈ ਪਰ ਇਹ ਗੋਲੀ ਉਸ ਦੇ ਲਾਕੇਟ ਨਾਲ ਟਕਰਾਅ ਕੇ ਡਿੱਗ ਗਈ। 

PunjabKesari
ਬੱਚੇ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦੇ ਗੋਲੀ ਵੱਜੀ ਹੈ ਪਰ ਉਸ ਦੀ ਛਾਤੀ ਵਿਚ ਦਰਦ ਹੋ ਰਹੀ ਸੀ। ਜਦ ਉਸ ਦਾ ਪਰਿਵਾਰ ਉਸ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਗੋਲੀ ਮਾਰੀ ਗਈ ਸੀ। ਜਾਂਚ ਮਗਰੋਂ ਉਸ ਦਾ ਲਾਕੇਟ ਤੇ ਗੋਲੀ ਉਸੇ ਸਥਾਨ ਤੋਂ ਪ੍ਰਾਪਤ ਹੋਏ, ਜਿੱਥੇ ਉਹ ਖੇਡ ਰਿਹਾ ਸੀ। ਇਹ ਘਟਨਾ 31 ਦਸੰਬਰ ਨੂੰ ਵਾਪਰੀ। ਨਵੇਂ ਸਾਲ ਦੀ ਖੁਸ਼ੀ ਵਿਚ ਉਹ ਆਪਣੇ ਚਚੇਰੇ ਭੈਣ-ਭਰਾਵਾਂ ਨਾਲ ਘਰ ਦੇ ਬਾਹਰ ਖੇਡ ਰਿਹਾ ਸੀ। 

ਪਰਿਵਾਰ ਇਸ ਘਟਨਾ ਨੂੰ ਚਮਤਕਾਰ ਮੰਨ ਰਿਹਾ ਹੈ। ਬੱਚੇ ਨੂੰ ਇਕ ਘੰਟੇ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ। ਪਰਿਵਾਰ ਨੇ ਦੱਸਿਆ ਕਿ ਬੱਚੇ ਦੇ ਪਿਤਾ ਨੇ ਉਸ ਨੂੰ ਚਾਂਦੀ ਦਾ ਲਾਕੇਟ ਬਣਾ ਕੇ ਦਿੱਤਾ ਸੀ ਤੇ ਬੱਚਾ ਇਸ ਨੂੰ ਪਾ ਕੇ ਰੱਖਦਾ ਸੀ। ਪਰਿਵਾਰ ਨੇ ਬੱਚੇ ਦੀ ਜਾਨ ਬਚਣ 'ਤੇ ਪ੍ਰਮਾਤਮਾ ਦਾ ਸ਼ੁਕਰ ਕੀਤਾ। ਸਥਾਨਕ ਮੀਡੀਆ ਵਿਚ ਇਹ ਖ਼ਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Lalita Mam

Content Editor Lalita Mam