ਅਮਰੀਕਾ : ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਤੋਂ 3 ਦਿਨ ਬਾਅਦ ਮੁੰਡੇ ਦੀ ਮੌਤ

Tuesday, Jul 06, 2021 - 10:39 AM (IST)

ਅਮਰੀਕਾ : ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਤੋਂ 3 ਦਿਨ ਬਾਅਦ ਮੁੰਡੇ ਦੀ ਮੌਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ):  ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਇਸਦੀ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾਉਣੀਆਂ ਜ਼ਰੂਰੀ ਹਨ ਪਰ ਕਈ ਲੋਕਾਂ ਦੇ ਮਨ ਵਿੱਚ ਕੋਰੋਨਾ ਟੀਕਿਆਂ ਦੀ ਪ੍ਰਭਾਵਸ਼ੀਲਤਾ ਜਾਂ ਉਲਟ ਪ੍ਰਭਾਵਾਂ ਨੂੰ ਲੈ ਕੇ ਚਿੰਤਾਵਾਂ ਹਨ। ਇਹ ਚਿੰਤਾ ਜਾਂ ਡਰ ਉਦੋਂ ਹੋਰ ਵੀ ਵੱਧ ਜਾਂਦਾ ਹੈ ਜਦੋਂ ਕਿਸੇ ਦੀ ਟੀਕਾ ਲਗਵਾਉਣ ਦੇ ਬਾਅਦ ਮੌਤ ਹੋ ਜਾਂਦੀ ਹੈ। ਹਾਲਾਂਕਿ ਸਿਹਤ ਮਾਹਰਾਂ ਵੱਲੋਂ ਟੀਕੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਗਿਆ ਹੈ ਪਰ ਟੀਕਾਕਰਨ ਸੰਬੰਧੀ ਅਮਰੀਕਾ ਦੇ ਮਿਸ਼ੀਗਨ ਵਿੱਚ ਇੱਕ 13 ਸਾਲਾ ਮੁੰਡੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਐਤਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ ਮਿਸ਼ੀਗਨ ਵਿੱਚ ਇੱਕ 13 ਸਾਲਾਂ ਲੜਕੇ ਦੀ ਕੋਰੋਨਾ ਵਾਇਰਸ ਟੀਕਾ ਲਗਵਾਉਣ ਦੇ ਤਿੰਨ ਦਿਨਾਂ ਬਾਅਦ ਉਸ ਦੀ ਨੀਂਦ ਦੌਰਾਨ ਹੀ ਮੌਤ ਹੋ ਗਈ ਅਤੇ ਸੀ ਡੀ ਸੀ ਨੇ ਮੌਤ ਦੀ ਜਾਂਚ ਸ਼ੁਰੂ ਕੀਤੀ ਹੈ। ਇਸ 13 ਸਾਲਾ ਮੁੰਡੇ ਜੈਕਬ ਕਲੈਨਿਕ ਨੇ 13 ਜੂਨ ਨੂੰ ਮਿਸ਼ੀਗਨ ਦੇ ਜ਼ਿਲਵਾਕੀ 'ਚ ਵਾਲਗ੍ਰੇਨ ਵਿਖੇ ਫਾਈਜ਼ਰ ਟੀਕੇ ਦੀ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਸੀ। ਜੈਕਬ ਸਿਹਤਮੰਦ ਸੀ ਅਤੇ ਉਸ ਨੂੰ ਕੋਈ ਸਿਹਤ ਸਮੱਸਿਆ ਨਹੀਂ ਸੀ।

 ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆ 'ਚ 10 ਅਗਸਤ ਨੂੰ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵਿਸ਼ੇਸ਼ ਉਪਰਾਲੇ

ਟੀਕੇ ਤੋਂ ਬਾਅਦ ਉਸ ਨੇ ਸਿਰਫ ਥਕਾਵਟ ਅਤੇ ਬੁਖਾਰ ਦਾ ਸਾਹਮਣਾ ਕੀਤਾ ਸੀ ਪਰ ਦੂਜੀ ਖੁਰਾਕ ਪ੍ਰਾਪਤ ਕਰਨ ਤੋਂ ਦੋ ਰਾਤਾਂ ਬਾਅਦ 15 ਜੂਨ ਨੂੰ ਯਾਕੂਬ ਨੇ ਸੌਣ ਤੋਂ ਪਹਿਲਾਂ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਫਿਰ ਉਹ ਆਪਣੀ ਨੀਂਦ ਵਿੱਚੋਂ ਕਦੇ ਨਹੀਂ ਉੱਠਿਆ। ਕਾਉਂਟੀ ਦੇ ਸਿਹਤ ਵਿਭਾਗ ਦੁਆਰਾ ਸੀ ਡੀ ਸੀ ਜਾਂਚ ਦੀ ਪੁਸ਼ਟੀ ਕੀਤੀ ਸੀ ਅਤੇ ਮੁੰਡੇ ਦਾ ਪੋਸਟ ਮਾਰਟਮ ਵੀ ਕੀਤਾ ਗਿਆ ਪਰ ਮੌਤ ਦਾ ਕਾਰਣ ਨਿਰਧਾਰਤ ਨਹੀਂ ਕੀਤਾ ਗਿਆ ਹੈ। ਇਸ ਮੁੰਡੇ ਦੀ ਮੌਤ ਅਤੇ ਟੀਕਾਕਰਨ ਵਿੱਚ ਕੋਈ ਸੰਬੰਧ ਹੈ ਜਾਂ ਨਹੀਂ ਬਾਰੇ ਫ਼ੈਸਲਾ ਕੇਂਦਰੀ ਪੱਧਰ 'ਤੇ ਸੀ ਡੀ ਸੀ ਰਾਹੀਂ ਹੋਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News