ਯੂ. ਕੇ. : ਮੁੱਕੇਬਾਜ਼ ਆਮਿਰ ਖਾਨ ਨੇ ਕੀਤੀ ਤਾਲਾਬੰਦੀ ਨਿਯਮਾਂ ਦੀ ਉਲੰਘਣਾ
Tuesday, Feb 09, 2021 - 02:46 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਪ੍ਰਸਿੱਧ ਪੇਸ਼ੇਵਰ ਮੁੱਕੇਬਾਜ਼ ਆਮਿਰ ਖਾਨ 'ਤੇ ਕਾਵੈਂਟਰੀ ਦੀ 230 ਮੀਲ ਯਾਤਰਾ ਕਰਨ ਤੋਂ ਬਾਅਦ ਤਾਲਾਬੰਦੀ ਨਿਯਮਾਂ ਨੂੰ ਤੋੜਨ ਦਾ ਦੋਸ਼ ਲਾਇਆ ਗਿਆ ਹੈ। ਇਸ 34 ਮੁੱਕੇਬਾਜ਼ ਨੇ ਬੋਲਟਨ ਸਥਿਤ ਆਪਣੇ ਘਰ ਤੋਂ ਇਕ ਰੈਸਟੋਰੈਂਟ "ਦਿ ਫਾਰਮ ਹਾਊਸ" ਦੀ ਯਾਤਰਾ ਕਰਕੇ ਤਾਲਾਬੰਦੀ ਨਿਯਮਾਂ ਤਹਿਤ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਆਪਣੇ ਦੋ ਪ੍ਰਸ਼ੰਸਕਾਂ ਨਾਲ ਤਸਵੀਰ ਖਿੱਚੀ।
ਇਸ ਫੋਟੋ ਨੂੰ ਰੈਸਟੋਰੈਂਟ ਦੇ ਇੰਸਟਾਗ੍ਰਾਮ ਅਕਾਉਂਟ ਵਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਸੀ, ਜਿਸ ਵਿਚ ਉਹ ਆਪਣੇ ਪ੍ਰਸ਼ੰਸਕਾਂ ਦੇ ਬਿਲਕੁਲ ਕਰੀਬ ਖੜ੍ਹੇ ਹਨ। ਇਸ ਪੋਸਟ ਨੂੰ ਬਾਅਦ 'ਚ ਹਟਾ ਦਿੱਤਾ ਗਿਆ ਪਰ ਲੋਕਾਂ ਨੇ ਆਮਿਰ ਦੀ ਫੋਟੋ 'ਤੇ ਟਿੱਪਣੀਆਂ ਕਰਦਿਆਂ ਇਸ ਸਪੋਰਟਸ ਸਟਾਰ 'ਤੇ ਮੌਜੂਦਾ ਤਾਲਾਬੰਦੀ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਯੂ. ਕੇ. ਵਿਚ ਇਸ ਵੇਲੇ ਤਾਲਾਬੰਦੀ ਨਿਯਮ ਸਮਾਜਿਕ ਦੂਰੀਆਂ ਤਹਿਤ ਲੋਕਾਂ ਆਪਸ ਵਿਚ ਘੱਟੋ-ਘੱਟ ਦੋ ਮੀਟਰ ਦੀ ਦੂਰੀ 'ਤੇ ਰਹਿਣ ਦੇ ਨਾਲ ਰਾਸ਼ਟਰੀ ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰ ਰਹਿਣ ਦੀ ਵੀ ਅਪੀਲ ਕਰਦੇ ਹਨ, ਜਦਕਿ ਇਨ੍ਹਾਂ ਨਿਯਮਾਂ ਅਨੁਸਾਰ ਲੋਕਾਂ ਨੂੰ ਸਿਰਫ ਇਕ ਬਾਹਰੀ ਵਿਅਕਤੀ ਨਾਲ ਰਲਣ ਦੀ ਇਜਾਜ਼ਤ ਹੈ।
ਆਮਿਰ ਨੇ ਅਜੇ ਤੱਕ ਨਿਯਮਾਂ ਦੀ ਉਲੰਘਣਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਇਲਾਵਾ ਆਮਿਰ 'ਤੇ ਪਿਛਲੇ ਸਾਲ ਮਈ ਵਿੱਚ ਆਪਣੀ ਧੀ ਦੇ ਜਨਮ ਦਿਨ ਦੀ ਮੇਜ਼ਬਾਨੀ ਕਰਦਿਆਂ 9 ਰਿਸ਼ਤੇਦਾਰ ਹਾਜ਼ਰ ਇਕੱਠੇ ਕਰਕੇ ਤਾਲਾਬੰਦੀ ਨਿਯਮ ਦੇ ਇਲਜ਼ਾਮ ਲਗਾਏ ਗਏ ਸਨ। ਯੂ. ਕੇ. ਦੇ ਇਸ ਬਾਕਸਰ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਪਣੀ ਇਕ 60,000 ਵਰਗ ਫੁੱਟ ਦੀ ਇਮਾਰਤ ਦੀ ਪੇਸ਼ਕਸ਼ ਐੱਨ. ਐੱਚ. ਐੱਸ. ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਵਾਸਤੇ ਵਰਤੋਂ ਕਰਨ ਲਈ ਕੀਤੀ ਸੀ।