ਆਕਰਸ਼ਣ ਦੇ ਸਿਧਾਂਤ" ਕਿਤਾਬ ਨੂੰ ਪਾਠਕਾਂ ਵੱਲੋਂ ਮਿਲ ਰਿਹਾ ਭਰਪੂਰ ਹੁੰਗਾਰਾ
Thursday, Nov 05, 2020 - 02:46 PM (IST)
ਐਡੀਲੇਡ, (ਕਰਨ ਬਰਾੜ)- ਬੱਚੇ ਕਿਸੇ ਵੀ ਦੇਸ਼ ਤੇ ਕੌਂਮ ਦਾ ਸਰਮਾਇਆ ਹੁੰਦੇ ਹਨ। ਜੇਕਰ ਬਾਲਪਨ ਤੋਂ ਹੀ ਉਹਨਾਂ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਜ਼ਿੰਦਗੀ ਭਰ ਉਹਨਾਂ ਦੇ ਡੋਲਣ ਦਾ ਡਰ ਨਹੀਂ ਰਹਿੰਦਾ ਪਰ ਕਈ ਵਾਰ ਉਮਰ ਦੇ ਸਿਆਣੇ ਦੌਰ ‘ਚ ਪਹੁੰਚ ਜਾਣ ਦੇ ਬਾਵਜੂਦ ਬੱਚਿਆਂ ਨੂੰ ‘ਆਕਰਸ਼ਣ ਦੇ ਸਿਧਾਂਤ’ ਦੇ ਮਹੱਤਵਪੂਰਣ ਵਿਸ਼ੇ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ। ਹੁਣ ਇਸ ਅਣਗੌਲੇ ਅਤੇ ਮਹੱਤਵਪੂਰਨ ਵਿਸ਼ੇ ਬਾਰੇ ਲੇਖਕ ਰਿਸ਼ੀ ਗੁਲਾਟੀ ਦੀ ਨਵੀਂ ਛਪੀ ਕਿਤਾਬ ‘ਆਕਰਸ਼ਣ ਦਾ ਸਿਧਾਂਤ’ ਵਿਚ ਬੱਚਿਆਂ ਨੂੰ ਸੌਖੇ ਤਰੀਕੇ ਇਸ ਵਿਸ਼ੇ ਤੋਂ ਜਾਣੂ ਕਰਵਾਉਦਿਆਂ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ।
ਇਸ ਕਿਤਾਬ ਦੇ ਵਿਸ਼ੇ ਦੀ ਮਹੱਤਤਾ ਨੂੰ ਦੇਖਦੇ ਹੋਏ ਕਿਤਾਬ ਨੂੰ ਪੰਜਾਬ ਦੇ ਸਕੂਲਾਂ ਵਿਚ ਭੇਜਣ ਦੇ ਮਿਸ਼ਨ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਅਧਿਆਪਕ ਇਸ ਨਵੇਂ ਵਿਸ਼ੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇ ਸਕਣ। ਇਸ ਲਈ ਇਕ ਸਕੂਲ ਵਿਚ ਇਕ ਕਿਤਾਬ ਭੇਜਣ ਦਾ ਮਿਸ਼ਨ ਰਾਬਤਾ ਆਸਟ੍ਰੇਲੀਆ ਤੋਂ ਰੌਬੀ ਬੈਨੀਪਾਲ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ ਐਡੀਲੇਡ ਨਿਵਾਸੀ ਚਾਰ ਦੋਸਤਾਂ ਅਮਿਤੋਜ ਸਿੰਘ, ਭੁਪਿੰਦਰਦੀਪ ਸਿੰਘ, ਅਜਿੰਦਰ ਸਿੰਘ ਤੇ ਮਨਦੀਪ ਧੀਮਾਨ ਵੱਲੋਂ ਆਪਣੇ ਇਲਾਕੇ ਅੰਮ੍ਰਿਤਸਰ ਸਾਹਿਬ ਦੇ ਸਕੂਲਾਂ ਵਾਸਤੇ ਕਿਤਾਬਾਂ ਸਪਾਂਸਰ ਕੀਤੀਆਂ ਗਈਆਂ।
ਇਸ ਮੌਕੇ ਕਿਤਾਬ ਦੇ ਲੇਖਕ ਰਿਸ਼ੀ ਗੁਲਾਟੀ ਨੇ ਦੱਸਿਆ ਕਿ ਇਹ ਕਿਤਾਬ ਇਨਸਾਨੀ ਸੋਚ ਨੂੰ ਸਕਾਰਤਮਕ ਤਰੀਕੇ ਨਾਲ ਬਦਲਣ ਦੇ ਸਮਰੱਥ ਹੈ। ਆਮ ਤੌਰ ‘ਤੇ ਮਨੋਵਿਗਿਆਨ ਦੇ ਵਿਸ਼ੇ ‘ਤੇ ਕਿਤਾਬਾਂ ਅੰਗਰੇਜ਼ੀ ਤੋਂ ਅਨੁਵਾਦਿਤ ਹੁੰਦੀਆਂ ਹਨ ਪਰ ‘ਆਕਰਸ਼ਣ ਦਾ ਸਿਧਾਂਤ’ ਮੇਰੀ ਪੜ੍ਹਾਈ, ਤਜਰਬੇ ਅਤੇ ਖੋਜ ਕਾਰਜ ‘ਤੇ ਅਧਾਰਿਤ ਕਿਤਾਬ ਹੈ। ਇਸ ਵਿਸ਼ੇ ‘ਤੇ ਪੰਜਾਬੀ ਵਿਚ ਲਿਖੀ ਗਈ ਦੁਨੀਆ ਦੀ ਇਸ ਪਹਿਲੀ ਕਿਤਾਬ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ! ਉਨ੍ਹਾਂ ਨੇ ਸਮਰੱਥ ਲੋਕਾਂ ਨੂੰ ਇਹ ਕਿਤਾਬ ਆਪਣੇ ਇਲਾਕੇ ਦੇ ਸਕੂਲਾਂ ਲਈ ਸਪਾਂਸਰ ਕਰਨ ਦੀ ਬੇਨਤੀ ਵੀ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੇਖਕ ਦੀ ਕਿਤਾਬ ‘ਜ਼ਿੰਦਗੀ ਅਜੇ ਬਾਕੀ ਹੈ’ ਵੀ ਪਾਠਕਾਂ ਦੁਆਰਾ ਬਹੁਤ ਪਸੰਦ ਕੀਤੀ ਗਈ ਸੀ। ਇਸ ਕਿਤਾਬ ਵਿਚ ਘਰੇਲੂ ਹਿੰਸਾ ਅਤੇ ਆਤਮਹੱਤਿਆ ਦੇ ਵਿਸ਼ਿਆਂ ‘ਤੇ ਗੱਲਬਾਤ ਕੀਤੀ ਗਈ ਸੀ। ਇਹ ਦੋਵੇਂ ਕਿਤਾਬਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੁਆਰਾ ਪ੍ਰਕਾਸ਼ਤ ਕੀਤੀਆਂ ਗਈਆਂ ਹਨ।