ਬੋਲਵੀਆ ''ਚ ਅੱਜ ਤੋਂ ਸ਼ੁਰੂ ਹੋਵੇਗੀ ਕੋਰੋਨਾ ਟੀਕਾਕਰਣ ਮੁਹਿੰਮ
Friday, Jan 29, 2021 - 02:22 PM (IST)
ਲਾ ਪਾਜ- ਬੋਲਵੀਆ ਨੂੰ ਰੂਸ ਦੀ ਕੋਰੋਨਾ ਵਾਇਰਸ ਵੈਕਸੀਨ 'ਸਪੂਤਨਿਕ ਵੀ' ਦੀ ਪਹਿਲੀ ਖੇਪ ਮਿਲੀ ਹੈ ਅਤੇ ਦੇਸ਼ ਵਿਚ ਸ਼ੁੱਕਰਵਾਰ ਤੋਂ ਸਮੂਹਿਕ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਰਾਸ਼ਟਰਪਤੀ ਲੁਈਸ ਐਰਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੀਰਵਾਰ ਦੇਰ ਰਾਤ ਵੈਕਸੀਨ ਲੈ ਕੇ ਬਿਊਨਸ ਆਇਰਸ ਤੋਂ ਲਾ ਪਾਜ ਦੇ ਅਲ ਆਲਟੋ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਜਹਾਜ਼ ਦਾ ਸਵਾਗਤ ਕੀਤਾ।
ਬੀਤੇ ਦਿਨ ਉਨ੍ਹਾਂ ਕਿਹਾ ਸੀ ਕਿ ਅਸੀਂ 9 ਵਿਭਾਗਾਂ ਵਿਚ ਕੱਲ ਤੋਂ ਟੀਕਾਕਰਣ ਸ਼ੁਰੂ ਕਰਨ ਜਾ ਰਹੇ ਹਾਂ। ਨਿਸ਼ਚਿਤ ਰੂਪ ਨਾਲ ਇਸ ਨੂੰ ਇਕ-ਇਕ ਕਦਮ ਅੱਗੇ ਵਧਾਇਆ ਜਾਵੇਗਾ, ਜੋ ਕੋਲਡ ਚੇਨ ਦੇ ਨਾਲ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ 'ਤੇ ਨਿਰਭਰ ਕਰੇਗਾ।
ਜ਼ਿਕਰਯੋਗ ਹੈ ਕਿ ਬੋਲਵੀਆ ਨੇ ਦਸੰਬਰ ਦੇ ਅਖ਼ੀਰ ਵਿਚ ਰੂਸ ਨਾਲ ਵੈਕਸੀਨ ਦੀਆਂ 52 ਲੱਖ ਖ਼ੁਰਾਕਾਂ ਦੀ ਸਪਲਾਈ ਨੂੰ ਲੈ ਕੇ ਸਮਝੌਤਾ ਕੀਤਾ ਸੀ। ਉੱਥੇ ਹੀ ਬੋਲਵੀਆ ਨੇ 6 ਜਨਵਰੀ ਨੂੰ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਪ੍ਰਦਾਨ ਕੀਤੀ ਸੀ।